
ਨਵਾਂ ਨੰਗਲ ਸਥਿਤ ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਲਕਲੀਜ਼ ਕੈਮੀਕਲ ਲਿਮਟਿਡ ਵਿਚ ਅੱਜ ਦੁਪਹਿਰ ਇਕ ਧਮਾਕਾ ਹੋਣ ਨਾਲ ਇਕ ਮੁਲਾਜ਼ਮ ਦੀ ਮੌਤ ਹੋ ਗਈ...
ਨੰਗਲ, ਨਵਾਂ ਨੰਗਲ ਸਥਿਤ ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਲਕਲੀਜ਼ ਕੈਮੀਕਲ ਲਿਮਟਿਡ ਵਿਚ ਅੱਜ ਦੁਪਹਿਰ ਇਕ ਧਮਾਕਾ ਹੋਣ ਨਾਲ ਇਕ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਦੂਸਰਾ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਅੱਜ ਕਲੋਰੀਨ ਫ਼ਿਲਿੰਗ ਪਲਾਂਟ ਦੇ ਨਾਲ ਹੀ ਇਕ 'ਵਾਟਰ ਕੰਡੈਨਸੇਟ ਟੈਂਕ' ਵਿਚ ਵੈਲਡਿੰਗ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ ਜਿਸ ਕਾਰਨ ਵੈਲਡਿੰਗ ਕਰ ਰਹੇ ਇਕ ਮੁਲਾਜ਼ਮ ਦੀ ਤਾਂ ਮੌਕੇ 'ਤੇ ਹੀ ਹੋ ਗਈ ਜਦਕਿ ਦੂਜਾ ਮੁਲਾਜ਼ਮ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਵੈਲਡਿੰਗ ਕਰਨ ਵਾਲੇ ਮੁਲਾਜ਼ਮ ਰਜਿੰਦਰ ਕੁਮਾਰ ਐਫ਼ ਆਰ ਵੈਲਡਰ ਦਾ ਸ਼ਰੀਰ ਕਰੀਬ 70-80 ਫ਼ਟ ਦੂਰ ਜਾ ਕੇ ਡਿੱਗਿਆ ਅਤੇ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਮੁਲਾਜ਼ਮ ਅਜੈ ਕੁਮਾਰ ਟਰੇਨੀ ਫ਼ਿਟਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਪਰ ਫ਼ੈਕਟਰੀ ਵਿਚ ਅੱਜ ਘਟਨਾ ਮੌਕੇ ਕੋਈ ਵੀ ਐਂਬੂਲੈਂਸ ਮੌਜੂਦ ਨਹੀਂ ਸੀ ਜਿਸ ਕਾਰਨ ਮੁਲਾਜ਼ਮ ਅਜੈ ਕੁਮਾਰ ਨੂੰ ਟਰੱਕ ਯੂਨੀਅਨ ਨੰਗਲ ਦੇ ਮੈਂਬਰਾਂ ਵਲੋਂ ਭੇਜੀ ਗਈ ਅਪਣੀ ਸਕਾਰਪੀਓ ਗੱਡੀ ਭੇਜ ਕੇ ਇਲਾਜ ਲਈ ਲਿਜਾਇਆ ਗਿਆ। ਧਮਾਕੇ ਕਾਰਨ ਲੱਗੀ ਅੱਗ ਨੂੰ ਨਗਰ ਕੌਂਸਲ ਨੰਗਲ ਦੇ ਫ਼ਾਇਰ ਬ੍ਰਿਗੇਡ ਅਮਲੇ ਦੀਆਂ ਗੱਡੀਆਂ ਨੇ ਪਹੁੰਚ ਕੇ ਬੁਝਾਇਆ।
The blast in Punjab Allikis Chemical Limited
ਭਾਵੇਂ ਕਿ ਅਧਿਕਾਰੀਆਂ ਵਲੋਂ ਪੱਤਰਕਾਰ ਸੰਮੇਲਨ ਵੀ ਬੁਲਾਇਆ ਗਿਆ ਪਰ ਹਾਲੇ ਤਕ ਵੀ ਇਸ ਪਾਣੀ ਦੇ ਟੈਂਕ ਵਿਚ ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਹੋਰ ਕੋਈ ਨੁਕਸਾਨ ਨਹੀਂ ਹੋਇਆ। ਪੀ ਏ ਸੀ ਐਲ ਦੇ ਡੀ ਜੀ ਐਮ ਟੈਕਨੀਕਲ ਐਮ ਐਸ ਵਾਲੀਆ, ਡੀ ਜੀ ਐਮ ਰਵਿੰਦਰ ਜਸਵਾਲ ਅਤੇ ਏ ਜੀ ਐਮ ਰਜਨੀਸ਼ ਕੁਮਾਰ ਬੀਹਾਨਾ ਨੇ ਕਿਹਾ ਕਿ 'ਵਾਟਰ ਕੰਨਡੈਨਸੇਟ ਟੈਂਕ' ਲੀਕੇਜ਼ ਠੀਕ ਕਰਨ ਲਈ ਰਜਿੰਦਰ ਕੁਮਾਰ ਵੈਲਡਰ ਜੋ ਕਿ ਹਮੇਸ਼ਾ ਹੀ ਸੇਫ਼ਟੀ ਕਿੱਟ ਪਾ ਕੇ ਹੀ ਵੈਲਡਿੰਗ ਕਰਦਾ ਸੀ ਅਤੇ ਅੱਜ ਵੀ ਟੈਂਕ ਵਿਚ ਵੈਲਡਿੰਗ ਕਰਨ ਤੋਂ ਪਹਿਲਾਂ ਟੈਂਕ ਵਿਚ ਕਟਿੰਗ ਕਰ ਰਿਹਾ ਸੀ ਕਿ ਅਚਾਨਕ ਹੀ ਧਮਾਕਾ ਹੋਇਆ ਜਿਸ ਵਿਚ ਉਹ ਮਾਰਿਆ ਗਿਆ ਅਤੇ ਦੂਜਾ ਮੁਲਾਜ਼ਮ ਅਜੈ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਉਨਾਂ ਕਿਹਾ ਕਿ ਇਸ ਟੈਂਕ ਵਿਚ ਪਾਣੀ ਹੀ ਹੁੰਦਾ ਹੈ ਪਰ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਚੱਲ ਸਕਿਆ। ਐਸ ਡੀ ਐਮ ਸ਼੍ਰੀ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਪੀ ਏ ਸੀ ਐਲ ਵਿਚ ਹੋਏ ਧਮਾਕੇ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਤਹਿਸੀਲਦਾਰ ਨੰਗਲ ਡੀ ਪੀ ਪਾਂਡੇ ਦੀ ਡਿਊਟੀ ਲਗਾਈ ਗਈ ਹੈ। ਇਸ ਘਟਨਾ ਦੀ ਜਾਂਚ ਕਰਨ ਲਈ ਫ਼ੈਕਟਰੀ ਮੈਨੇਜਮੈਂਟ ਨੂੰ ਆਦੇਸ਼ ਦਿਤੇ ਗਏ ਹਨ ਕਿ ਉਹ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਕਰ ਕੇ ਮੁਕੰਮਲ ਰਿਪੋਰਟ ਤਿਆਰ ਕਰਨ।