
ਕਾਂਗਰਸ ਤੇ ਅਫ਼ਸਰਾਂ ਦੀ ਮੌਜੂਦਾ ਖਿੱਚੋਤਾਣ ਸ਼ਰਾਬ ਮਾਫ਼ੀਏ ਨਾਲ ਮਿਲ ਕੇ ਕਮਾਏ ਕਰੋੜਾਂ ਰੁਪਏ ਨੂੰ ਹਜ਼ਮ ਕਰਨ ਦੀ ਸਾਜ਼ਸ਼ ਦਾ ਹਿੱਸਾ : ਬੱਬੀ ਬਾਦਲ
ਐਸ.ਏ.ਐਸ. ਨਗਰ, 15 ਮਈ (ਸੁਖਦੀਪ ਸਿੰਘ ਸੋਈਂ): ਪਿਛਲੇ ਦਿਨੀਂ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਸਕੱਤਰ ਦਰਮਿਆਨ ਪਿਆ ਰਫੜ੍ਹ ਅਤੇ ਉਸ ਤੋਂ ਬਾਅਦ ਵਿਚ ਪੈਦਾ ਹੋਏ ਹਾਲਾਤ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ, ਸਗੋਂ ਸ਼ਰਾਬ ਮਾਫੀਏ ਲੀਡਰਾਂ ਅਤੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਕਮਾਏ ਕਰੋੜਾਂ ਰੁਪਇਆ ਨੂੰ ਹਜ਼ਮ ਕਰਨਾ ਹੈ। ਅੱਜ ਜਦੋਂ ਪੰਜਾਬ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਸਰਕਾਰ ਖਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋ ਰਹੀ ਹੈ, ਮੁਲਾਜ਼ਮਾਂ ਦੀ ਤਨਖ਼ਾਹ ਵੀ ਨਹੀਂ ਦਿਤੀ ਜਾ ਰਹੀ, ਉਦੋਂ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਉਪਰੀ ਤੌਰ 'ਤੇ ਦੇਖਣ ਨੂੰ ਇਹ ਸਿਰਫ ਮੁੱਖ ਸਕੱਤਰ ਅਤੇ ਕੁਝ ਮੰਤਰੀਆਂ ਦਰਮਿਆਨ ਮਨ ਮਟਾਵ ਦੀ ਘਟਨਾ ਨਜ਼ਰ ਆਉਂਦੀ ਹੈ ਪਰ ਇਸ ਪਿੱਛੇ ਅਸਲੀ ਕਾਰਨ ਤਾਂ ਸ਼ਰਾਬ ਮਾਫੀਏ ਦੀ ਪੁਸ਼ਤਪਨਾਹੀ ਹੀ ਹੈ, ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਬੱਬੀ ਬਾਦਲ ਨੇ ਕਿਹਾ ਕਿ ਇਸ ਲਈ ਖੁਦ ਨੂੰ ਪੰਥਕ ਕਹਾਉਣ ਵਾਲੇ ਬਾਦਲ ਦਲ ਦੇ ਲੀਡਰਾ ਵੀ ਜਿੰਮੇਵਾਰ ਨੇ ਜਿਹਨਾ ਦਸ ਸਾਲ ਸਰਾਬ ਦੇ ਕਾਰੋਬਾਰ ਵਿਚ ਪੰਜਾਬ ਨੂੰ ਰਜ ਕੇ ਲੁੱਟਿਆ ਤੇ ਜੋ ਅੱਜ ਵੀ ਸਰਾਬ ਦੇ ਕਾਰੋਬਾਰ ਵਿੱਚ ਹਿੱਸੇਦਾਰ ਹਨ ਉਨ੍ਹਾਂ ਨੇ ਵੀ ਅਪਣੇ ਨਿਜੀ ਫਾਇਦੇ ਲਈ ਸਰਾਬ ਕਾਰਪੋਰੇਸ਼ਨ ਨੂੰ ਨਹੀਂ ਬਣਨ ਦਿੱਤਾ ਇਸ ਸਰਾਬ ਮਾਫੀਆ ਦੇ ਪਸਾਰ ਅਤੇ ਖਜਾਨੇ ਨੂੰ ਖੋਰੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ।