
ਦਿੱਲੀ ਮੁੰਡਕਾ ਅੱਗ ਕਾਂਡ : ਇਮਾਰਤ ਦਾ ਮਾਲਕ ਮਨੀਸ਼ ਗਿ੍ਰਫ਼ਤਾਰ
ਨਵੀਂ ਦਿੱਲੀ, 15 ਮਈ : ਦਿੱਲੀ ਦੇ ਮੁੰਡਕਾ ਅੱਗਕਾਂਡ ’ਚ ਪੁਲਿਸ ਨੇ ਇਮਾਰਤ ਦੇ ਮਾਲਕ ਮਨੀਸ਼ ਲਾਕੜਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਦਸ ਦੇਈਏ ਕਿ ਅੱਗ ਲਗਣ ਦੌਰਾਨ ਮਨੀਸ਼ ਇਮਾਰਤ ਦੀ ਉੱਪਰੀ ਮੰਜ਼ਿਲ ’ਤੇ ਸੀ ਅਤੇ ਕਰੇਨ ਦੀ ਮਦਦ ਨਾਲ ਹੇਠਾਂ ਆ ਗਿਆ ਸੀ। ਅੱਗ ਲਗਣ ਮਗਰੋਂ ਮਨੀਸ਼ ਫਰਾਰ ਹੋ ਗਿਆ ਸੀ। ਉਸ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਸੀ ਅਤੇ ਐਤਵਾਰ ਸਵੇਰੇ ਪੁਲਿਸ ਨੇ ਮਨੀਸ਼ ਨੂੰ ਗਿ੍ਰਫ਼ਤਾਰ ਕਰ ਲਿਆ।
ਪੁਲਿਸ ਮੁਤਾਬਕ ਸ਼ੁਕਰਵਾਰ ਨੂੰ 4 ਮੰਜ਼ਿਲ ਵਪਾਰਕ ਇਮਾਰਤ ਨੂੰ ਅੱਗ ਲੱਗੀ ਸੀ। ਇਸ ਘਟਨਾ ’ਚ 21 ਔਰਤਾਂ ਸਮੇਤ 27 ਲੋਕਾਂ ਦੀ ਮੌਤ ਹੋ ਗਈ। ਪੁਲਿਸ ਡਿਪਟੀ ਕਮਿਸ਼ਨ ਸਮੀਰ ਸ਼ਰਮਾ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਹਰਿਆਣਾ ’ਚ ਛਾਪੇਮਾਰੀ ਕਰਨ ਤੋਂ ਬਾਅਦ ਇਮਾਰਤ ਦੇ ਫਰਾਰ ਮਾਲਕ ਮਨੀਸ਼ ਲਾਕੜਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਮਨੀਸ਼ ਮੁੰਡਕਾ ਪਿੰਡ ਦਾ ਰਹਿਣ ਵਾਲਾ ਹੈ। ਇਸ ਘਟਨਾ ’ਚ 19 ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੇ ਜਿਊਂਦੇ ਬਚਣ ਦੀ ਉਮੀਦ ਬਹੁਤ ਘੱਟ ਹੈ।
ਦਸ ਦੇਈਏ ਕਿ ਰਾਸਟਰੀ ਰਾਜਧਾਨੀ ਦੇ ਪਛਮੀ ਖੇਤਰ ’ਚ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਸਥਿਤ 4 ਮੰਜ਼ਿਲਾ ਵਪਾਰਕ ਇਮਾਰਤ ’ਚ ਸ਼ੁਕਰਵਾਰ ਸ਼ਾਮ ਨੂੰ ਅੱਗ ਲਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਮਾਰਤ ’ਚੋਂ 60-70 ਲੋਕਾਂ ਨੂੰ ਬਚਾਇਆ ਗਿਆ ਹੈ। (ਏਜੰਸੀ)