
ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗ਼ੈਰ-ਕੁਦਰਤੀ ਅਪਰਾਧ ਨਹੀਂ: ਹਾਈ ਕੋਰਟ
ਮੁੰਬਈ, 15 ਮਈ : ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਭਾਰਤੀ ਦੰਡਾਵਲੀ ਦੀ ਧਾਰਾ 377 ਦੇ ਤਹਿਤ ਗ਼ੈਰ-ਕੁਦਰਤੀ ਅਪਰਾਧ ਨਹੀਂ ਹੈ ਅਤੇ ਇਸ ਨਾਲ ਹੀ ਅਦਾਲਤ ਨੇ ਇਕ ਨਾਬਾਲਗ ਲੜਕੇ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਨੂੰ ਜਮਾਨਤ ਦੇ ਦਿਤੀ। ਜਸਟਿਸ ਅਨੁਜਾ ਪ੍ਰਭੂਦੇਸਾਈ ਨੇ ਹਾਲ ਹੀ ਵਿਚ ਇਕ ਵਿਅਕਤੀ ਨੂੰ ਜ਼ਮਾਨਤ ਦਾ ਹੁਕਮ ਦਿਤਾ। ਇਸ ਵਿਅਕਤੀ ਨੂੰ ਪਿਛਲੇ ਸਾਲ 14 ਸਾਲਾ ਲੜਕੇ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਗਿ੍ਰਫ਼ਤਾਰ ਕੀਤਾ ਗਿਆ ਸੀ।
ਐਫ਼ਆਈਆਰ ਮੁਤਾਬਕ ਲੜਕੇ ਦੇ ਪਿਤਾ ਨੇ ਦੇਖਿਆ ਕਿ ਉਸ ਦੀ ਅਲਮਾਰੀ ਵਿਚੋਂ ਪੈਸੇ ਗਾਇਬ ਹਨ। ਲੜਕੇ ਨੇ ਉਨ੍ਹਾਂ ਨੂੰ ਦਸਿਆ ਕਿ ਉਸ ਨੇ ਦੋਸ਼ੀ ਵਿਅਕਤੀ ਨੂੰ ਪੈਸੇ ਦਿਤੇ ਸਨ। ਨਾਬਾਲਗ ਨੇ ਦਸਿਆ ਕਿ ਉਹ ਆਨਲਾਈਨ ਗੇਮ ‘ਓਲਾ ਪਾਰਟੀ’ ਲਈ ਰੀਚਾਰਜ ਕਰਵਾਉਣ ਲਈ ਮੁੰਬਈ ਦੇ ਇਕ ਉਪਨਗਰ ’ਚ ਦੋਸ਼ੀ ਵਿਅਕਤੀ ਦੀ ਦੁਕਾਨ ’ਤੇ ਜਾਂਦਾ ਸੀ। ਲੜਕੇ ਨੇ ਦੋਸ਼ ਲਾਇਆ ਕਿ ਇਕ ਦਿਨ ਜਦੋਂ ਉਹ ਰਿਚਾਰਜ ਕਰਨ ਗਿਆ ਤਾਂ ਮੁਲਜ਼ਮ ਨੇ ਉਸ ਦੇ ਬੁੱਲ੍ਹਾਂ ਨੂੰ ਚੁੰਮਿਆ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹ ਲਿਆ। ਇਸ ਤੋਂ ਬਾਅਦ, ਲੜਕੇ ਦੇ ਪਿਤਾ ਨੇ ਬਾਲ ਜਿਨਸੀ ਅਪਰਾਧਾਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 377 ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਪੁਲਿਸ ਵਿਚ ਮੁਲਜ਼ਮ ਵਿਰੁਧ ਐਫ਼ਆਈਆਰ ਦਰਜ ਕਰਵਾਈ। ਸਰੀਰਕ ਸਬੰਧ ਜਾਂ ਕੋਈ ਹੋਰ ਗ਼ੈਰ-ਕੁਦਰਤੀ ਕੰਮ ਧਾਰਾ 377 ਅਧੀਨ ਸਜ਼ਾਯੋਗ ਅਪਰਾਧ ਹੈ। ਇਸ ਤਹਿਤ ਵਧ ਤੋਂ ਵਧ ਸਜ਼ਾ ਉਮਰ ਕੈਦ ਹੋ ਸਕਦੀ ਹੈ ਅਤੇ ਜ਼ਮਾਨਤ ਮਿਲਣੀ ਔਖੀ ਹੋ ਜਾਂਦੀ ਹੈ। ਜਸਟਿਸ ਪ੍ਰਭੂਦੇਸਾਈ ਨੇ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਲੜਕੇ ਦੀ ਮੈਡੀਕਲ ਜਾਂਚ ਉਸ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁਧ ਪੋਕਸੋ ਦੀਆਂ ਧਾਰਾਵਾਂ ਤਹਿਤ ਵਧ ਤੋਂ ਵਧ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਉਸ ਨੂੰ ਜ਼ਮਾਨਤ ਦਿਤੀ ਜਾ ਸਕਦੀ ਹੈ।
ਅਦਾਲਤ ਨੇ ਕਿਹਾ ਕਿ ਮੌਜੂਦਾ ਕੇਸ ਵਿਚ, ਗ਼ੈਰ-ਕੁਦਰਤੀ ਜਿਨਸੀ ਸ਼ੋਸ਼ਣ ਦਾ ਮਾਮਲਾ ਪਹਿਲੀ ਨਜ਼ਰੇ ਲਾਗੂ ਨਹੀਂ ਹੁੰਦਾ। ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਪਹਿਲਾਂ ਹੀ ਇਕ ਸਾਲ ਤੋਂ ਹਿਰਾਸਤ ਵਿਚ ਹੈ ਅਤੇ ਮੁਕੱਦਮੇ ਦੀ ਸੁਣਵਾਈ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਹਾਈ ਕੋਰਟ ਨੇ ਕਿਹਾ, ‘‘ਉਪਰੋਕਤ ਤੱਥਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਬਿਨੈਕਾਰ ਜ਼ਮਾਨਤ ਦਾ ਹੱਕਦਾਰ ਹੈ।’’ ਇਸ ਦੇ ਨਾਲ ਹੀ ਦੋਸ਼ੀ ਨੂੰ 30,000 ਰੁਪਏ ਦੇ ਨਿਜੀ ਮੁਚੱਲਕੇ ’ਤੇ ਜ਼ਮਾਨਤ ਦੇ ਦਿਤੀ ਗਈ। (ਏਜੰਸੀ)