
ਪੁਲਿਸ ਨੇ ਮੁਲਜ਼ਮ ਮੰਨੂ ਬੱਤਾ, ਅਮਨ ਕੁਮਾਰ, ਸੰਜੀਵ ਕੁਮਾਰ, ਕਮਲਦੀਪ, ਚੇਤਨ, ਮੁਕੁਲ ਰਾਣਾ ਅਤੇ ਜਿੰਮੀ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਚੰਡੀਗੜ੍ਹ - ਸਥਾਨਕ ਪੁਲਿਸ ਨੇ ਬੰਬੀਹਾ ਗਿਰੋਹ ਦੇ ਸੱਤ ਬਦਮਾਸ਼ਾਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ। ਆਪ੍ਰੇਸ਼ਨ ਸੈੱਲ ਨੇ ਇਨ੍ਹਾਂ ਬਦਮਾਸ਼ਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮ ਮੰਨੂ ਬੱਤਾ, ਅਮਨ ਕੁਮਾਰ, ਸੰਜੀਵ ਕੁਮਾਰ, ਕਮਲਦੀਪ, ਚੇਤਨ, ਮੁਕੁਲ ਰਾਣਾ ਅਤੇ ਜਿੰਮੀ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 384 ਤਹਿਤ 386, 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਨ੍ਹਾਂ ਬਦਮਾਸ਼ਾਂ ਨੂੰ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠ ਆਪਰੇਸ਼ਨ ਸੈੱਲ ਦੀ ਟੀਮ ਨੇ ਬੀਤੀ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਪੁਆਇੰਟ 32 ਬੋਰ ਦੇ ਤਿੰਨ ਪਿਸਤੌਲ, ਇੱਕ ਰਿਵਾਲਵਰ ਅਤੇ 23 ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਬਦਮਾਸ਼ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ ਅਤੇ ਪ੍ਰਿੰਸ ਦੇ ਇਸ਼ਾਰੇ 'ਤੇ ਸ਼ਹਿਰ ਦੇ ਕਲੱਬਾਂ, ਸ਼ਰਾਬ ਦੀਆਂ ਦੁਕਾਨਾਂ ਅਤੇ ਹੋਟਲ ਮਾਲਕਾਂ ਤੋਂ ਪੈਸੇ ਵਸੂਲਦੇ ਸਨ।
ਮਾਰਚ 2023 ਵਿਚ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਗਸ਼ਤ ’ਤੇ ਸੀ। ਇਸ ਦੌਰਾਨ ਮੁਖਬਰ ਨੇ ਦੱਸਿਆ ਕਿ ਗੌਰਵ ਪਟਿਆਲ ਅਤੇ ਉਸ ਦੇ ਸਾਥੀ ਪ੍ਰਿੰਸ ਕੁਰਾਲੀ ਬਾਰੇ ਕੁਝ ਖਾਸ ਜਾਣਕਾਰੀ ਹੈ। ਮੁਖਬਰ ਨੇ ਦੱਸਿਆ ਕਿ ਇਹ ਮੁਲਜ਼ਮ ਵਿਦੇਸ਼ ਤੋਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੇ ਗਰੋਹ ਨੂੰ ਚਲਾ ਰਹੇ ਹਨ। ਇਸ ਗਰੋਹ ਦੇ ਬਦਮਾਸ਼ ਚੰਡੀਗੜ੍ਹ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਇਸ ਸੂਚਨਾ ’ਤੇ ਪੁਲਿਸ ਨੇ ਦੋ ਮੁਲਜ਼ਮਾਂ ਮੁਕੁਲ ਰਾਣਾ ਅਤੇ ਮੰਨੂ ਬੱਤਾ ਨੂੰ ਕਾਬੂ ਕਰ ਲਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਮੁਕੁਲ ਰਾਣਾ ਵਾਸੀ ਮਲੋਆ ਅਤੇ ਮੰਨੂ ਬੱਤਾ ਬੁੜੈਲ ਜੋ ਕਿ ਇਸ ਵੇਲੇ ਖਰੜ ਦਾ ਰਹਿਣ ਵਾਲਾ ਹੈ, ਲੱਕੀ ਦੇ ਕਹਿਣ 'ਤੇ ਚੰਡੀਗੜ੍ਹ ਦੇ ਵਪਾਰੀਆਂ, ਹੋਟਲ ਮਾਲਕਾਂ, ਨਾਈਟ ਕਲੱਬ ਮਾਲਕਾਂ, ਪ੍ਰਾਪਰਟੀ ਡੀਲਰਾਂ, ਬਿਲਡਰਾਂ, ਰੈਸਟੋਰੇਟਰਾਂ ਨੂੰ ਧਮਕੀਆਂ ਦੇ ਰਹੇ ਸਨ। ਇਨ੍ਹਾਂ ਦੋਹਾਂ ਦੀ ਸੂਹ ’ਤੇ ਪੁਲਿਸ ਨੇ ਬੰਬੀਹਾ ਗਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਸਾਰਿਆਂ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।