
ਹੁਣ 22 ਮਈ ਨੂੰ ਦੁਬਾਰਾ ਹੋਵੇਗਾ ਪੇਪਰ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ 2022-23 ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੋ ਕੇਂਦਰਾਂ ’ਚ ਮੁੜ ਰੱਦ ਕਰ ਦਿੱਤੀ ਗਈ ਹੈ। ਇਸ ਵਿਚ ਗਲਤੀ ਇਹ ਰਹੀ ਕਿ ਪ੍ਰੀਖਿਆ ਕੇਂਦਰ ਅਮਲੇ ਨੇ ਵਿਦਿਆਰਥੀਆਂ ਨੂੰ ਉਹੀ ਪ੍ਰਸ਼ਨ-ਪੱਤਰ ਹੱਲ ਕਰਨ ਲਈ ਦੁਬਾਰਾ ਦੇ ਦਿੱਤੇ ਜਿਨ੍ਹਾਂ ਨੂੰ 24 ਫਰਵਰੀ 2023 ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਸੀ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਨੇ ਚੁਸਤੀ ਵਰਤ ਲਈ ਪਰ ਇਸ ਨਾਲ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਤੇ ਉਹ ਇੱਕੋ ਵਿਸ਼ੇ ਦੀ ਪ੍ਰੀਖਿਆ ਹੁਣ ਤੀਜੀ ਵਾਰ ਦੇਣਗੇ।
ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਪ੍ਰੀਖਿਆ ਵਾਲੇ ਦਿਨ ਹੀ ਪੇਪਰ ਤੋਂ ਚਾਰ ਘੰਟੇ ਪਹਿਲਾਂ ਹੀ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੋਰਡ ਨੂੰ ਪੂਰੇ ਪੰਜਾਬ ’ਚ ਪ੍ਰੀਖਿਆ ਰੱਦ ਕਰਨੀ ਪਈ ਸੀ ਤੇ ਠੀਕ ਇਕ ਮਹੀਨੇ ਬਾਅਦ 24 ਮਾਰਚ ਨੂੰ ਦੁਬਾਰਾ ਪ੍ਰੀਖਿਆ ਲੈਣ ਲਈ ਮਿਤੀ ਵੀ ਐਲਾਨੀ ਗਈ।
ਜਦੋਂ ਪੇਪਰ ਮਾਰਕਿੰਗ ਲਈ ਤੈਅ ਸਥਾਨਾਂ ’ਤੇ ਪੁੱਜੇ ਤਾਂ ਪਤਾ ਚੱਲਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਦੋ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆ ਨੇ ਉਹੀ ਪ੍ਰਸ਼ਨ-ਪੱਤਰ ਹੱਲ ਕਰ ਦਿੱਤਾ ਹੈ ਜੋ 24 ਫਰਵਰੀ ਨੂੰ ਲੀਕ ਹੋ ਗਿਆ ਸੀ। ਇਸ ਗੱਲ ਦਾ ਜਦੋਂ ਬੋਰਡ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਹਾਂ ਕੇਂਦਰਾਂ ਦੀ ਪ੍ਰੀਖਿਆ ਰੱਦ ਕਰਵਾ ਦਿੱਤੀ ਤੇ ਹੁਣ ਇਹ ਪਰਚਾ 22 ਮਈ ਸਵੇਰ ਦੇ ਸੈਸ਼ਨ ’ਚ ਹੋਵੇਗਾ।
200 ਤੋਂ ਵੱਧ ਵਿਦਿਆਰਥੀ ਹੋਣਗੇ ਪ੍ਰਭਾਵਿਤ
ਦੇਵਾਂ ਪ੍ਰੀਖਿਆ ਕੇਂਦਰਾਂ 'ਚ ਕਰੀਬ 200 ਵਿਦਿਆਰਥੀ ਪੇਪਰ ਦੇਣਗੇ। ਬੋਰਡ ਨੇ ਪਹਿਲਾਂ ਅਲਾਟ ਕੀਤੇ ਕੇਂਦਰ ਵੀ ਤਬਦੀਲ ਕਰ ਦਿੱਤੇ ਹਨ ਤੇ ਹੁਣ ਇਹ ਪ੍ਰੀਖਿਆ ਤਹਿਸੀਲ ਪੱਧਰ ਸਕੂਲਾਂ ਵਿਚ ਹੋਵੇਗੀ। ਸੂਤਰਾਂ ਅਨੁਸਾਰ ਅੰਗਰੇਜ਼ੀ ਦੇ ਪੇਪਰ ਕਰ ਕੇ ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਵੀ ਲੇਟ ਆਵੇਗਾ।