ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਦੇ ਕਾਗ਼ਜ਼ ਹੋਏ ਮਨਜ਼ੂਰ
Lok Sabha Elections 2024: ਪੰਜਾਬ ’ਚ ਲੋਕ ਸਭਾ ਚੋਣਾਂ-2024 ਲਈ 598 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਜ਼ਿਕਰਯੋਗ ਹੈ ਕਿ 13 ਲੋਕ ਸਭਾ ਸੀਟਾਂ ਲਈ 7 ਮਈ ਤੋਂ 14 ਮਈ ਤਕ ਸੂਬੇ ਵਿਚ ਕੁਲ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਪੜਤਾਲ ’ਚ ਪ੍ਰਮੁੱਖ ਪਾਰਟੀਆਂ ਦੇ ਸਾਰੇ ਹੀ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ ਹਨ ਅਤੇ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ। ਜਦਕਿ ਖਡੂਰ ਸਾਹਿਬ ਹਲਕੇ ਤੋਂ ਡਿਬਰੂਗੜ੍ਹ ਜੇਲ ’ਚ ਬੈਠੇ ਅੰਮ੍ਰਿਤਪਾਲ ਸਿੰਘ ਵਲੋਂ ਭਰੇ ਗਏ ਨਾਮਜ਼ਦਗੀ ਪੱਤਰ ਪ੍ਰਵਾਨ ਹੋ ਗਏ ਹਨ।
ਲੱਖਾ ਸਿਧਾਣਾ ਦੇ ਨਾਮਜ਼ਦਗੀ ਕਾਗ਼ਜ਼ ਵੀ ਹੋਏ ਹਨ ਪ੍ਰਵਾਨ
ਬਠਿੰਡਾ ਲੋਕ ਸਭਾ ਹਲਕਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਨਾਮਜ਼ਦਗੀ ਕਾਗ਼ਜ਼ ਵੀ ਪ੍ਰਵਾਨ ਹੋਏ ਹਨ। ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਉਪਰ ਲੱਖੇ ਦੀ ਨਾਮਜ਼ਦਗੀ ਰੱਦ ਹੋਣ ਦਾ ਸਟੇਟਸ ਪਾਏ ਜਾਣ ਕਾਰਨ ਉਸ ਦੇ ਕਾਗ਼ਜ਼ ਰੱਦ ਹੋਣ ਦੀ ਖ਼ਬਰ ਗ਼ਲਤੀ ਨਾਲ ਰੋਜ਼ਾਨਾ ਸਪੋਕਸਮੈਨ ਵਿਚ ਛਪ ਗਈ ਸੀ ਪਰ ਇਸ ਦੀ ਕੀਤੀ ਪੜਤਾਲ ਬਾਅਦ ਉਸ ਦੇ ਕਾਗ਼ਜ਼ ਪ੍ਰਵਾਨ ਹੋਣ ਦੀ ਪੁਸ਼ਟੀ ਹੋਈ ਹੈ। ਭਾਵੇਂ ਰੱਦ ਹੋਈਆਂ ਬਠਿੰਡਾ ਹਲਕੇ ਦੀਆਂ 40 ਵਿਚੋਂ 15 ਨਾਮਜ਼ਦਗੀਆਂ ਵਿਚ ਲੱਖਾ ਸਿਧਾਣਾ ਦੀ ਨਾਮਜ਼ਦਗੀ ਰੱਦ ਹੋਣ ਦਾ ਸਟੇਟਸ ਦਰਜ ਸੀ ਪਰ ਕੁਲ ਉਮੀਦਵਾਰਾਂ ਦੀ ਦਰਜ ਸੂਚੀ ਵਿਚ ਉਨ੍ਹਾਂ ਦੇ ਕਾਗ਼ਜ਼ ਸਵੀਕਾਰ ਹੋਣ ਦਾ ਸਟੇਸਟ ਮਿਲਿਆ ਹੈ। ਪੰਜਾਬ ਦੇ ਚੋਣ ਅਧਿਕਾਰੀ ਦਫ਼ਤਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਚੋਣ ਕਮਿਸ਼ਨ ਦੀ ਵੈਬਸਾਈਟ ਅਪਡੇਟ ਹੋਣ ਸਮੇਂ ਕੋਈ ਤਕਨੀਕੀ ਗ਼ਲਤੀ ਹੋਵੇ ਪਰ ਹਾਲੇ ਉਸ ਕੋਲ ਕਾਗ਼ਜ਼ ਰੱਦ ਹੋਣ ਦੀ ਕੋਈ ਜਾਣਕਾਰੀ ਨਹੀਂ ਅਤੇ 17 ਮਈ ਨੂੰ ਕਾਗ਼ਜ਼ ਵਾਪਸ ਹੋਣ ਬਾਅਦ ਸਾਰੇ ਉਮੀਦਵਾਰਾਂ ਦੀ ਪੂਰੀ ਸਥਿਤੀ ਸਪਸ਼ਟ ਹੋ ਜਾਵੇਗੀ। ਲੱਖਾ ਸਿਧਾਣਾ ਨੇ ਵੀ ਅਪਣੇ ਕਾਗ਼ਜ਼ ਪ੍ਰਵਾਨ ਹੋਣ ਦੀ ਤਸਦੀਕ ਕੀਤੀ ਹੈ।
ਪ੍ਰਵਾਨ ਹੋਏ ਨਾਮਜ਼ਦਗੀ ਪੱਤਰਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦਸਿਆ ਕਿ ਗੁਰਦਾਸਪੁਰ ਤੋਂ 40 ਉਮੀਦਵਾਰਾਂ ਨੇ 60 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਅੰਮ੍ਰਿਤਸਰ ਤੋਂ 43 ਉਮੀਦਵਾਰਾਂ ਨੇ 53 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
ਖਡੂਰ ਸਾਹਿਬ ਤੋਂ 35 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
ਜਲੰਧਰ ਤੋਂ 27 ਉਮੀਦਵਾਰਾਂ ਨੇ 35 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ’ਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ। ਹੁਸ਼ਿਆਰਪੁਰ ਤੋਂ 23 ਉਮੀਦਵਾਰਾਂ ਨੇ 27 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 19 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ। ਆਨੰਦਪੁਰ ਸਾਹਿਬ ਤੋਂ 41 ਉਮੀਦਵਾਰਾਂ ਨੇ 56 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਲੁਧਿਆਣਾ ਤੋਂ 57 ਉਮੀਦਵਾਰਾਂ ਨੇ 70 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 44 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਫ਼ਤਿਹਗੜ੍ਹ ਸਾਹਿਬ ਤੋਂ 23 ਉਮੀਦਵਾਰਾਂ ਨੇ 33 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 15 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ। ਫ਼ਰੀਦਕੋਟ ਤੋਂ 34 ਉਮੀਦਵਾਰਾਂ ਨੇ 41 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਫ਼ਿਰੋਜ਼ਪੁਰ ਤੋਂ 41 ਉਮੀਦਵਾਰਾਂ ਨੇ 48 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
ਬਠਿੰਡਾ ਤੋਂ 30 ਉਮੀਦਵਾਰਾਂ ਨੇ 40 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਸੰਗਰੂਰ ਤੋਂ 38 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿੱਚੋਂ 26 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਪਟਿਆਲਾ ਤੋਂ 34 ਉਮੀਦਵਾਰਾਂ ਨੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿਚੋਂ 27 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ। ਸਿਬਿਨ ਸੀ ਨੇ ਦਸਿਆ ਕਿ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ 13 ਲੋਕ ਸਭਾ ਸੀਟਾਂ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਹਨ।
(For more Punjabi news apart from Nominations of 355 candidates found valid in Punjab, stay tuned to Rozana Spokesman)