
ਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਰੁਤਬਾ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੇ ਮਾਲਵਾ ਖੇਤਰ 'ਚ ਜ਼ੋਨ ਦੇ ਪ੍ਰਧਾਨ...
ਬਠਿੰਡਾ,: ਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਰੁਤਬਾ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੇ ਮਾਲਵਾ ਖੇਤਰ 'ਚ ਜ਼ੋਨ ਦੇ ਪ੍ਰਧਾਨ ਨੂੰ ਅਚਾਨਕ ਬਦਲਣ ਤੋਂ ਬਾਅਦ ਪਾਰਟੀ ਅੰਦਰ ਬਾਗ਼ੀ ਸੁਰਾਂ ਉਠਣ ਦੀ ਚਰਚਾ ਹੈ। ਲੰਘੇ ਦਿਨੀਂ ਪਾਰਟੀ ਵਲੋਂ ਮਾਲਵਾ ਜ਼ੋਨ ਇਕ ਦੇ ਪ੍ਰਧਾਨ ਅਨਿਲ ਠਾਕੁਰ ਨੂੰ ਹਟਾ ਦਿਤਾ ਹੈ।
ਹਾਲਾਂਕਿ ਸ੍ਰੀ ਠਾਕੁਰ ਦੀ ਥਾਂ ਪਾਰਟੀ ਦੇ ਮੁੱਢ ਤੋਂ ਸਰਗਰਮ ਮੈਂਬਰ ਤੇ ਬਾਦਲਾਂ ਦੇ ਹਲਕੇ ਨਾਲ ਸਬੰਧਤ ਨਰਿੰਦਰ ਸਿੰਘ ਨਾਟੀ ਸਾਬਕਾ ਸਰਪੰਚ ਨੂੰ ਇਹ ਅਹੁਦਾ ਦਿਤਾ ਹੈ। ਪਾਰਟੀ ਸੂਤਰਾਂ ਅਨੁਸਾਰ ਮਾਲਵਾ ਖੇਤਰ ਦੇ ਵੱਡੇ ਆਗੂ ਨੂੰ ਹਟਾਉਣ ਲਈ ਅਪਣਾਈ ਪ੍ਰਕ੍ਰਿਆ ਤੋਂ ਖੇਤਰ ਦੇ ਕਾਫ਼ੀ ਆਗੂ ਅੰਦਰੋ-ਅੰਦਰੀ ਦੁਖੀ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਡਾ. ਬਲਵੀਰ ਸਿੰਘ ਨੇ ਸੰਪਰਕ ਕਰਨ 'ਤੇ ਦਾਅਵਾ ਕੀਤਾ ਕਿ ਮਾਲਵਾ ਜ਼ੋਨ ਇਕ ਦੇ ਸਾਬਕਾ ਪ੍ਰਧਾਨ ਅਨਿਲ ਠਾਕੁਰ ਪਾਰਟੀ ਦੇ ਵੱਡੇ ਆਗੂ ਹਨ ਤੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਪਾਰਟੀ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਕਿਤੇ ਹੋਰ ਲਈਆਂ ਜਾ ਰਹੀਆਂ ਹਨ।