ਯੂ.ਪੀ. ਵਿਚ 700 ਸਿੱਖ ਪ੍ਰਵਾਰਾਂ ਦੇ ਉਜਾੜੇ ਦਾ ਮਾਮਲਾ
ਚੰਡੀਗੜ੍ਹ, 15 ਜੂਨ (ਜੀ.ਸੀ. ਭਾਰਦਵਾਜ): ਉਤਰ ਪ੍ਰਦੇਸ਼ ਦੇ ਤਰਾਈ ਇਲਾਕੇ ਲਖੀਮਪੁਰ ਖੇੜੀ, ਬਿਜਨੌਰ, ਰਾਮ ਨਗਰ, ਚੰਪਤਪੁਰ ਤੇ ਹੋਰ ਪਿੰਡਾਂ ਵਿਚ ਪਿਛਲੇ 72 ਸਾਲਾਂ ਤੋਂ ਜ਼ਮੀਨਾਂ 'ਤੇ ਕਾਬਜ਼, ਪੰਜਾਬੀ ਸਿੱਖ ਕਾਸ਼ਤਕਾਰਾਂ ਦੇ 700 ਤੋਂ ਵੱਧ ਪਰਵਾਰ ਜੰਗਲਾਤ ਮਹਿਕਮੇ ਦੀ ਧੱਕਾਸ਼ਾਹੀ ਅਤੇ ਬੀਜੇਪੀ ਸਰਕਾਰ ਦੇ ਅਵੇਸਲੇਪਣ ਦਾ ਸ਼ਿਕਾਰ ਹੋ ਰਹੇ ਹਨ।
ਕਾਰਨ ਇਹ ਕਿ ਕੇਂਦਰੀ ਨੀਮ ਫ਼ੌਜੀ ਦਸਤਿਆਂ ਲਈ ਜ਼ਮੀਨ ਦਾ ਐਕੁਆਰ ਹੋਣਾ ਤੇ ਦੂਜੀ ਥਾਂ ਨਾਨਕ ਸਾਗਰ ਡੈਮ ਦੀ ਉਸਾਰੀ ਕੀਤੇ ਜਾਣਾ ਹੈ ਅਤੇ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਖ਼ਾਤਰ ਵਰਤੀ ਗਈ ਜ਼ਮੀਨ ਦਾ ਮੁਆਵਜ਼ਾ ਇਨ੍ਹਾਂ ਪੰਜਾਬੀ ਸਿੱਖ ਪਰਵਾਰਾਂ ਨੂੰ ਨਾ ਮਿਲਣਾ ਵੀ ਹੈ। ਅੱਜ ਇਥੇ ਇਸ ਵੱਡੇ ਤੇ ਗੰਭੀਰ ਮਸਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨੂੰ ਦਸਿਆ ਕਿ ਕਿਸਾਨੀ ਅਤੇ ਪੰਜਾਬੀ ਸਿੱਖਾਂ ਦੀਆਂ ਭਾਵਨਾਵਾਂ ਸਮੇਤ ਰੋਜ਼ੀ ਰੋਟੀ ਨਾਲ ਜੁੜੇ ਇਸ ਮਾਮਲੇ ਬਾਰੇ 2 ਦਿਨ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਵਿਚ ਵਿਚਾਰ ਚਰਚਾ ਹੋਈ ਸੀ।
ਹੁਣ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਇਸ ਮਸਲੇ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਗਿਆ, ਅਗਲੇ ਹਫ਼ਤੇ ਰਾਜ ਸਭਾ ਐਮ.ਪੀ. ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ ਸਮੇਤ 3 ਮੈਂਬਰੀ ਅਕਾਲੀ ਵਫ਼ਦ ਮੁੱਖ ਮੰਤਰੀ ਨੂੰ ਵੀ ਮਿਲੇਗਾ। ਪ੍ਰੋ. ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੇ ਮੁਲਕ ਵਿਚ ਪਛਾਣ 4 ਵੱਡੇ ਨੁਕਤਿਆਂ ਰਾਜਾਂ ਨੂੰ ਵੱਧ ਅਧਿਕਾਰ ਸੰਘੀ ਢਾਂਚਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਅਤੇ ਸਿੱਖ ਪੰਥ ਦੀ ਰਾਖੀ ਕਰਨ ਕਰ ਕੇ ਬਣੀ ਹੋਈ ਹੈ ਅਤੇ ਇਨ੍ਹਾਂ ਸਿਧਾਂਤਾਂ 'ਤੇ ਡੱਟ ਕੇ ਪਹਿਰਾ ਦਿਤਾ ਜਾਵੇਗਾ।
ਸਾਬਕਾ ਐਮ.ਪੀ. ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਅਤੇ 1975 ਦੀ ਐਮਰਜੈਂਸੀ ਮੌਕੇ ਕੁਰਬਾਨੀਆਂ ਦੇ ਕੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਜੇ ਇਹ ਸਿੱਖ ਪਰਵਾਰਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਯੋਗੀ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਚੁੱਪ ਨਹੀਂ ਬੈਠੇਗਾ ਅਤੇ ਪੰਜਾਬੀ ਤੇ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰ ਕੇ ਯੂ.ਪੀ. ਵਿਚ ਸਿੱਖਾਂ ਦੇ ਹੱਕਾਂ ਵਾਸਤੇ ਸੰਘਰਸ਼ ਜ਼ਰੂਰ ਛੇੜੇਗਾ। ਉਨ੍ਹਾਂ ਕਿਹਾ ਪੀੜਤ ਸਿੱਖ ਪਰਵਾਰਾਂ ਵਿਰੁਧ ਹੋ ਰਹੀ ਬੇਇਨਸਾਫ਼ੀ, ਧੱਕਾਜ਼ੋਰੀ, ਯੂ.ਪੀ. ਸਰਕਾਰ ਦੇ ਜੰਗਲਾਤ ਮਹਿਕਮੇ ਦੀਆਂ ਜ਼ਿਆਦਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦ ਬਾਰੇ ਨਵੇਂ ਸਿਸਟਮ ਸਬੰਧੀ ਜਾਰੀ ਕੀਤੇ ਆਰਡੀਨੈਂਸਾਂ ਦੇ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਇਸ ਅਕਾਲੀ ਨੇਤਾ ਨੇ ਕਿਹਾ ਕਿ ਕਣਕ ਝੋਨੇ ਤੇ ਹੋਰ ਫ਼ਸਲਾਂ ਦੀ ਸਰਕਾਰੀ ਖ਼ਰੀਦ, ਘੱਟੋ-ਘੱਟ ਸਮਰਥਨ ਮੁੱਲ 'ਤੇ ਜਾਰੀ ਰਹੇਗੀ। ਪ੍ਰੈਸ ਕਾਨਫ਼ਰੰਸ ਵਿਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਕੋਰ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਅਤੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪੰਜਾਬ ਵਿਚ ਗ਼ੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਨਾਲ
ਮਾਲੀਏ ਨੂੰ ਕਰੋੜਾਂ ਦਾ ਨੁਕਸਾਨ, ਨੀਲੇ ਕਾਰਡਾਂ ਵਿਚੋਂ ਹਜ਼ਾਰਾਂ ਲੋਕਾਂ ਦੇ ਨਾਮ ਕੱਟੇ ਜਾਣ ਅਤੇ ਕੇਂਦਰ ਸਰਕਾਰ ਤੋਂ 1,40,00,000 ਵਿਅਕਤੀਆਂ ਲਈ ਪੰਜਾਬ ਵਿਚ ਆਇਆ ਅਨਾਜ ਨੂੰ ਵੰਡਣ ਵਿਚ ਹੋਏ ਘਪਲੇ ਸਬੰਧੀ 18 ਜੂਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿਤੇ ਜਾਣਗੇ। ਇਸ ਵਾਸਤੇ ਅਕਾਲੀ ਦਲ ਦੇ ਸੀਨੀਅਰ ਨੇਤਾ, ਪਾਰਟੀ ਅਹੁਦੇਦਾਰ, ਐਮ.ਪੀ., ਐਮ.ਐਲ.ਏ., ਜ਼ਿਲ੍ਹਾ ਪ੍ਰਧਾਨ ਸਾਰੇ ਜ਼ਿਲ੍ਹਾ ਮੁਕਾਮਾਂ 'ਤੇ ਜਾਣਗੇ।