
ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਰਨੀ ਚਾਹੀਦੀ ਹੈ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ
ਸੰਗਰੂਰ, 15 ਜੂਨ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਧਾਨ ਸਭਾ ਲਈ ਜਨਵਰੀ 2022 ਵਿਚ ਹੋਣ ਵਾਲੀਆਂ ਆਮ ਚੋਣਾਂ ਦਾ ਬਿਗਲ ਵੱਜਣ ਹੀ ਵਾਲਾ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਸੂਬੇ ਦੀਆਂ ਲਗਭਗ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਪੂਰੀ ਤਰ੍ਹਾਂ ਚੌਕੰਨੀਆਂ ਹੋ ਚੁੱਕੀਆਂ ਹਨ ਤੇ ਕੁੱਝ ਹੀ ਸਮੇਂ ਦੌਰਾਨ ਦਲ ਬਦਲੀਆਂ ਅਤੇ ਵਫ਼ਾਦਾਰੀਆਂ ਬਦਲਣ ਦੀ ਰੁੱਤ ਆਉਣ ਹੀ ਵਾਲੀ ਹੈ।
ਪੰਜਾਬ ਦੇ ਵੋਟਰ ਪਿਛਲੇ 70 ਸਾਲਾਂ ਤੋਂ ਸੂਬੇ ਅੰਦਰ ਵਾਰ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੁਹਰਾਉਂਦੇ ਰਹੇ ਹਨ। ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ ਦੇ ਸਿਧਾਂਤ ਮੁਤਾਬਕ ਪੰਜਾਬ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਨੂੰ ਇਕ ਪਾਸੇ ਕਰ ਕੇ ਕਿਸੇ ਤੀਸਰੀ ਪਾਰਟੀ ਦੀ ਭਾਲ ਲਈ ਯਤਨਸ਼ੀਲ ਹਨ।
File Photo
ਇਸੇ ਤਰ੍ਹਾਂ ਦੇ ਇਕ ਯਤਨ ਵਜੋਂ ਸੂਬੇ ਦੇ ਲੋਕਾਂ ਨੇ ਜਨਵਰੀ 2017 ਵਿਚ ਆਮ ਆਦਮੀ ਪਾਰਟੀ ਨੂੰ ਅਪਣੇ ਸਿਰ ਦਾ ਤਾਜ਼ ਬਣਾਇਆ ਸੀ ਪਰ ਸੂਬੇ ਦੇ ਰਾਜਨੀਤਕ ਨਕਸ਼ੇ ਤੇ ਤੂਫ਼ਾਨ ਵਾਂਗ ਉਠੀ ਇਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਇਸ ਨੂੰ ਲੈ ਬੈਠਾ ਹੈ। ਲੋਕਾਂ ਦੇ ਕਹਿਣ ਮੁਤਾਬਕ ਇਸ ਨਵੀਂ ਪਾਰਟੀ ਨੇ ਭਾਵੇਂ ਸ਼ੁਰੂਆਤੀ ਦੌਰ ਵਿਚ ਕਈ ਗ਼ਲਤੀਆਂ ਦੁਹਰਾਈਆਂ ਪਰ ਲੋਕਾਂ ਨੇ ਉਹ ਭੁਲਾ ਦਿਤੀਆਂ
ਪਰ ਮੁੱਖ ਤੌਰ 'ਤੇ ਇਸ ਨੂੰ ਦੋ ਤਿੰਨ ਵੱਡੀਆਂ ਰਾਜਨੀਤਕ ਭੁੱਲਾਂ ਲੈ ਬੈਠੀਆਂ। ਪਹਿਲੀ ਗ਼ਲਤੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ, ਦੂਸਰੀ ਗ਼ਲਤੀ ਯੋਗ ਅਤੇ ਮਿਹਨਤੀ ਵਾਲੰਟੀਅਰਾਂ ਨੂੰ ਪ੍ਰਧਾਨਗੀਆਂ ਦੀਆਂ ਕੁਰਸੀਆਂ 'ਤੇ ਬਿਠਾ ਕੇ ਬਾਅਦ ਵਿਚ ਕੁਰਸੀਆਂ ਹੇਠੋਂ ਖਿੱਚਣਾ ਅਤੇ ਤੀਸਰੀ ਗ਼ਲਤੀ ਦਿੱਲੀ ਵਾਲਿਆਂ ਦੀ ਪੰਜਾਬ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ। ਗ਼ਲਤੀਆਂ ਜਾਂ ਭੁੱਲਾਂ ਚੁੱਕਾਂ ਭਾਵੇਂ ਹਰ ਰਾਜਨੀਤਕ ਪਾਰਟੀ ਕੋਲੋਂ ਅਕਸਰ ਹੋ ਜਾਂਦੀਆਂ ਹਨ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਸੁਲਝਾਉਣ ਦੇ ਸੰਜੀਦਾ ਯਤਨ ਕਦੇ ਵੀ ਨਾ ਕੀਤੇ।
ਪੰਜਾਬ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਅਤੇ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਡੰਕੇ ਦੀ ਚੋਟ ਨਾਲ ਚੋਣ ਜਿੱਤੇ ਸਨ ਦੇ ਛੋਟੇ-ਛੋਟੇ ਗੁੱਸੇ ਗਿਲ੍ਹਿਆਂ ਅਤੇ ਰੋਸਿਆਂ ਨੂੰ ਕੇਜਰੀਵਾਲ ਨੇ ਸਦਾ ਲਈ ਨਜ਼ਰ-ਅੰਦਾਜ਼ ਕਰ ਦਿਤਾ ਜਿਸ ਨਾਲ ਪੰਜਾਬ ਦੀ ਰਾਜਨੀਤਕ ਤੌਰ 'ਤੇ ਚੌਕੰਨੀ ਵੋਟਰ ਜਮਾਤ ਵਿਚ ਬਹੁਤ ਮਾੜਾ ਸੰਦੇਸ਼ ਗਿਆ ਕਿ ਕੇਜਰੀਵਾਲ ਦਾ ਵਿਹਾਰ ਡਿਕਟੇਟਰਾਂ ਵਰਗਾ ਹੈ। ਜਿਹੜਾ ਭਾਰਤੀ ਲੋਕਤੰਤਰ ਮੁਤਾਬਕ ਬਿਲਕੁਲ ਵੀ ਲਚਕਦਾਰ ਅਤੇ ਰਾਜਨੀਤੀ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ।
ਉਕਤ ਦੋਹਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਪਾਰਟੀ ਨੇ ਖੂਬ ਜ਼ਲੀਲ ਕਰ ਕੇ ਬਾਹਰ ਦਾ ਰਸਤਾ ਵਿਖਾਇਆ ਜਦਕਿ ਉਹ ਮਾਝਾ ਤੋਂ ਇਲਾਵਾ ਦੁਆਬਾ ਅਤੇ ਮਾਲਵਾ ਵਿਚ ਵੀ ਮਕਬੂਲ ਆਗੂ ਮੰਨਿਆ ਜਾ ਰਿਹਾ ਸੀ ਅਤੇ ਉਸ ਦਾ ਚਿਹਰਾ ਵਿਕਣ ਨਾਲ ਪਾਰਟੀ ਨੂੰ ਸੂਬੇ ਅੰਦਰ ਵੱਡੀ ਮਕਬੂਲੀਅਤ ਹਾਸਲ ਹੋਣ ਦੀ ਉਮੀਦ ਸੀ। ਜੇਕਰ ਉਕਤ ਸਾਰੇ ਰਾਜਨੀਤਕ ਹਾਲਾਤ ਦਾ ਮੌਜੂਦਾ ਪਰਿਖੇਪ ਅਨੁਸਾਰ ਪੁਨਰ ਮੁਲਾਂਕਣ ਕੀਤਾ ਜਾਵੇ ਤਾਂ ਸੂਬੇ ਦੇ ਸਮੁੱਚੇ ਵੋਟਰ ਬਾਕੀ ਸੱਭ ਗੱਲਾਂ ਨੂੰ ਛੱਡ ਕੇ ਇਕ ਗੱਲ ਦਾ ਇੰਤਜ਼ਾਰ ਕਰ ਰਹੇ ਹਨ
ਕਿ ਪੰਜਾਬ ਵਿਧਾਨ ਸਭਾ ਲਈ 2022 ਦੀਆਂ ਆਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਸੂਬੇ ਦੇ ਲੋਕਾਂ ਦੀ ਆਵਾਜ਼ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਦਿੱਲੀ ਵਿਚ ਹੀ ਰਹਿਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਤੋਂ ਬਗ਼ੈਰ ਲੋਕ ਸਭਾ ਅੰਦਰ ਪੰਜਾਬ ਦੇ ਮੁੱਦੇ ਅਤੇ ਮਸਲੇ ਉਠਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ। ਸੋ,ਹੁਣ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੇਜਰੀਵਾਲ, ਭਗਵੰਤ ਮਾਨ ਨਾਲ ਸਲਾਹ ਮਸ਼ਵਰਾ ਕਰ ਕੇ ਬਗ਼ੈਰ ਕਿਸੇ ਦੇਰੀ ਤੋਂ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ।