
ਪੰਜਾਬ ਦੇ ਸਿਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56
ਚੰਡੀਗੜ੍ਹ, 15 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਿਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਿਖਿਆ ਵਿਭਾਗ ਵਿਚ 40 ਉਮੀਦਵਾਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ 16 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਪੱਤਰ ਦੇਣ ਸਬੰਧੀ ਪੰਜਾਬ ਭਵਨ ਵਿਖੇ ਰੱਖੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਸਮੂਹ ਉਮੀਦਵਾਰਾਂ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਅਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਦੋਹਾਂ ਵਿਭਾਗਾਂ ਵਿਚ ਬਹੁਤ ਹੀ ਘੱਟ ਸਮੇਂ ਵਿਚ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਦੇ ਮਾਮਲੇ ਨਿਬੇੜੇ ਗਏ ਹਨ। ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਤੁਹਾਡੀ ਇਕ ਜ਼ਿੰਮੇਵਾਰੀ ਅਪਣੇ ਪਰਵਾਰਾਂ ਦਾ ਗੁਜ਼ਾਰਾ ਚਲਾਉਣਾ ਅਤੇ ਦੂਜੀ ਜ਼ਿੰਮੇਵਾਰੀ ਵਿਭਾਗ ਵਿਚ ਮਿਲੇ ਕੰਮ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਦੀ ਬਣਦੀ ਹੈ।''
ਮੁਲਾਜ਼ਮਾਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਹਾ, “ਤੁਸੀਂ ਜਿਸ ਅਹੁਦੇ ਉਤੇ ਨਿਯੁਕਤ ਹੋਏ ਹੋ, ਇਹ ਇਕ ਮੁਢਲਾ ਪਲੇਟਫ਼ਾਰਮ ਹੈ। ਇਸ ਤੋਂ ਅੱਗੇ ਤਰੱਕੀ ਕਰੋ ਅਤੇ ਅਪਣੇ ਆਪ ਨੂੰ ਕਾਬਲ ਬਣਾਉ।'' ਤੁਹਾਡਾ ਇਹ ਹੰਭਲਾ ਤੁਹਾਡੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ।'' ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵਿਚ ਕੁਲ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਗਰੁਪ-ਸੀ ਦੀਆਂ 2 ਆਸਾਮੀਆਂ ਅਤੇ ਗਰੁਪ-ਡੀ ਦੀਆਂ 14 ਆਸਾਮੀਆਂ ਦੇ ਉਮੀਦਵਾਰ ਸ਼ਾਮਲ ਹਨ।