
ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਦੇ ਪਹਿਲੇ ਦੋ ਪਾਠਾਂ ਦੇ ਭੋਗ ਪਾਏ
ਅੰਮ੍ਰਿਤਸਰ, 15 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਜਾਰੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸਿੱਖ ਸੰਗਤਾਂ ਵਲੋਂ ਟੀ ਰੋਡ ’ਤੇ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ, ਪਿੰਡ ਵਡਾਲੀ ਡੋਗਰਾਂ ਵਿਖੇ ਆਰੰਭ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠਾਂ ਦੀ ਲੜੀ ਦੇ ਪਹਿਲੇ ਦੋ ਸਹਿਜ ਪਾਠਾਂ ਦੇ ਅੱਜ ਭੋਗ ਪਾਏ ਗਏ ਅਤੇ ਅਗਲੇ ਦੋ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ ਹੈ।
ਇਸ ਮੌਕੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਬੁਲਾਰੇ ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪਰਦਾ ਹਰਖੋਵਾਲ ਅਤੇ ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ ਨੇ ਸ਼ਿਰਕਤ ਕਰਦਿਆਂ ਲੋਕਾਂ ਨੂੰ ਕਿਸਾਨੀ ਸੰਘਰਸ਼ ਨਲ ਜੁੜਨ ਦੀ ਅਪੀਲ ਕੀਤੀ। ਬਾਬਾ ਖੁਜਾਲਾ ਨੇ ਸੰਗਤ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਉਂਦਿਆਂ ਕਿਹਾ ਕਿ ਗੁਰੂ ਅੱਗੇ ਕੀਤੀ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਅਤੇ ਕਿਸਾਨੀ ਸੰਘਰਸ਼ ਨੂੰ ਜ਼ਰੂਰ ਕਾਮਯਾਬੀ ਮਿਲੇਗੀ। ਸ: ਗੁਰਜੀਤ ਸਿੰਘ ਔਜਲਾ ਨੇ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਦੇ ਹਿਤ ਵੱਡੇ ਕਾਰਪੋਰੇਟ ਘਰਾਣਿਆਂ ਅੱਗੇ ਗਹਿਣੇ ਰੱਖਣ ਦੀ ਕਰੜੀ ਆਲੋਚਨਾ ਕੀਤੀ ਅਤੇ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗਲ ਨਾ ਸੁਣ ਕੇ ਕੇਂਦਰ ਸਰਕਾਰ ਕਿਸਾਨੀ ਨਾਲ ਧੱਕਾ ਕਰ ਰਹੀ ਹੈ, ਪਰ ਕੇਂਦਰ ਸਰਕਾਰ ਨੂੰ ਕਿਸਾਨ ਪੱਖੀ ਲੋਕ ਲਹਿਰ ਅੱਗੇ ਜਲਦ ਝੁਕਣਾ ਹੀ ਪਵੇਗਾ।
ਇਸ ਮੌਕੇ ਆਏ ਹੋਏ ਮਹਿਮਾਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਬਾਬਾ ਜਸਪਾਲ ਸਿੰਘ, ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਵਲੋਂ ਸਨਮਾਨਤ ਕੀਤਾ ਗਿਆ। ਸਹਿਜ ਪਾਠਾਂ ਦੀ ਲੜੀ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਤਕ ਨਿਰੰਤਰ ਚਲਾਈ ਜਾਵੇਗੀ।