
ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ 'ਤੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ
ਅੰਮ੍ਰਿਤਸਰ (ਕੁਲਦੀਪ ਸਿੰਘ/ਰਮਨਦੀਪ ਕੌਰ/ਸੁਰਖਾਬ) : ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋਂ ਲਾਂਭੇ ਕਰ ਦਿਤਾ ਗਿਆ ਹੈ ਅਤੇ ਹੁਣ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਕੇ ਤੌਰ 'ਤੇ ਜਥੇਦਾਰ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਵੀ ਦਿਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ।
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਪੰਥ ਵਿਚ ਜੋ ਵੀ ਚਿੰਤਤ ਸਿੱਖ ਹੈ ਉਸ ਨੂੰ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਏ ਜਾਣ ਦੀ ਖ਼ੁਸ਼ੀ ਸੀ ਤੇ ਨਾ ਹੀ ਅੱਜ ਹਟਾਏ ਜਾਣ ਦਾ ਗ਼ਮ ਹੈ ਤੇ ਨਾ ਹੀ ਅੱਜ ਗਿਆਨੀ ਰਘਬੀਰ ਸਿੰਘ ਦੇ ਲਗਾਏ ਜਾਣ ਦੀ ਕੋਈ ਖ਼ੁਸ਼ੀ ਹੈ।
ਉਹਨਾਂ ਕਿਹਾ ਕਿ ਜਿੰਨਾ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨੂੰ ਲਗਾਉਣ, ਹਟਾਉਣ, ਕਾਰਜ ਖੇਤਰ ਤੇ ਅਧਿਕਾਰ ਖ਼ੇਤਰ ਨੂੰ ਲੈ ਕੇ ਵਿਧੀ ਵਿਧਾਨ ਨਹੀਂ ਬਣਦਾ ਓਨਾ ਚਿਰ ਸਿੱਖ ਪੰਥ ’ਚ ਖ਼ੁਸ਼ੀ ਨਹੀਂ ਆ ਸਕਦੀ।
ਜੋ ਸਿਸਟਮ ਚਲ ਰਿਹਾ ਹੈ ਉਸ ਅਨੁਸਾਰ ਇਕ ਪਰਵਾਰ ਸਾਡੇ ਪਾਵਨ ਤਖ਼ਤਾਂ ’ਤੇ ਕਾਬਜ਼ ਹੋਇਆ ਹੈ। ਹਾਲਾਤ ਇਹ ਹੋ ਗਏ ਹਨ ਕਿ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੋਵੇ ਤੇ ਸਿੱਖ ਪੰਥ ਦੀ ਸਿਰਮੌਰ ਜਗ੍ਹਾਂ ਹੋਵੇ ਤੇ ਸਿਰਮੌਰ ਰੁਤਬਾ ਹੋਵੇ ਤੇ ਹਾਲਾਤ ਚੌਂਕੀਦਾਰ ਤੋਂ ਵੀ ਭੈੜੇ ਹੋਣ?
ਉਨ੍ਹਾਂ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ’ਚ ਲਗਾ-ਮਾਤਰਾਵਾਂ ਦੇ ਸਬੰਧ ਵਿਚ ਇਕੱਤਰਤਾ ਹੋਈ ਸੀ ਉਦੋਂ ਕਿਹਾ ਸੀ ਕਿ ਇਹ ਜਥੇਦਾਰ ਕੀ ਕਰਨ। ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰਾਤ ਨੂੰ ਜਥੇਦਾਰ ਹੁੰਦੇ ਹਨ ਤੇ ਸਵੇਰ ਹੁੰਦਿਆਂ ਹੀ ਸਾਬਕਾ ਬਣ ਜਾਂਦੇ ਹਨ।
ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਜਥੇਦਾਰ ਨੂੰ ਸਵੇਰੇ ਦਾਤਣ ਵੀ ਨੀ ਕਰਨ ਦਿਤੀ ਸੀ ਤੇ ਅਸਤੀਫ਼ੇ ’ਤੇ ਦਸਤਖ਼ਤ ਲੈਣ ਲਈ ਬੰਦੇ ਭੇਜ ਦਿਤੇ ਸਨ।
ਸਿਰਮੌਰ ਰੁਤਬਾ ਤੇ ਅਹੁਦਾ ਹੋਣ ਦੇ ਬਾਵਜੂਦ ਹਾਲਾਤ ਚੌਂਕੀਦਾਰ ਤੋਂ ਵੀ ਭੈੜੇ ਹਨ। ਜੇਕਰ ਕਿਸੇ ਪਿੰਡ ਦਾ ਚੌਂਕੀਦਾਰ ਵੀ ਹਟਾਇਆ ਜਾਵੇ ਤਾਂ ਉਹ ਕਿਤੇ ਫਰਿਆਦ ਕਰ ਕੇ ਪੁੱਛ ਸਕਦਾ ਹੈ ਕਿ ਮੈਨੂੰ ਕਿਉਂ ਹਟਾਇਆ ਗਿਆ? ਜਾਂ ਕੀ ਕਾਰਨ ਹੈ?
ਉਹਨਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹਟਾਇਆ ਜਾਂਦਾ ਹੈ ਤਾਂ ਉਸ ਦੀ ਕਿਤੇ ਫਰਿਆਦ ਹੀ ਨਹੀਂ ਹੈ। ਇਹ ‘ਲਿਆਉਂਦੇ ਨੇ ਹਾਥੀ ’ਤੇ ਚੜ੍ਹਾ ਕੇ, ਤੋਰਦੇ ਗਧੇ ’ਤੇ ਬਿਠਾ ਕੇ’। ਸਿੱਖ ਪੰਥ ਦਾ ਜਲੂਸ ਕੱਢਿਆ ਪਿਆ ਹੈ।
ਜਿੰਨੀਆਂ ਚਿਰ ਪੰਥ ਦੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਵਿਧੀ ਵਿਧਾਨ ਅਨੁਸਾਰ ਜਥੇਦਾਰ ਲਗਾਏ ਜਾਂ ਹਟਾਏ ਨਹੀਂ ਜਾਂਦੇ ਓਨਾ ਚਿਰ ਨਾ ਕਿਸੇ ਦੇ ਲਗਾਉਣ ਦੀ ਖ਼ੁਸ਼ੀ ਹੈ ਤੇ ਨਾ ਹੀ ਕਿਸੇ ਦੇ ਹਟਾਏ ਜਾਣ ਦਾ ਦੁਖ ਹੈ।
ਜਥੇਦਾਰ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਧਾਰਮਕ ਤੇ ਸਿਆਸੀ ਅਰਥ ਦੋਵੇਂ ਕੋਈ ਮਾਇਨੇ ਨਹੀਂ ਰੱਖਦੇ ਜਿੰਨਾ ਚਿਰ ਇਸ ਤਖ਼ਤ ਤੋਂ ਕਿਸੇ ਇਕ ਪਰਵਾਰ ਦਾ ਕਬਜ਼ਾ ਨਹੀਂ ਹੱਟਦਾ ਤੇ ਵਿਧੀ ਵਿਧਾਨ ਨਹੀਂ ਬਣਦਾ। ਉਹਨਾਂ ਨੂੰ ਜਿੰਨਾ ਚਿਰ ਠੀਕ ਲੱਗਦਾ ਹੈ ਉਹ ਵਰਤਦੇ ਹਨ ਤੇ ਜਦੋਂ ਵਰਤਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਵੇਂ ਹੱਥ ਸਾਫ਼ ਕਰਕੇ ਟਿਸ਼ੂ ਪੇਪਰ ਸੁੱਟਿਆ ਜਾਂਦਾ ਹੈ ਉਵੇ ਉਹ ਪੂੰਝ ਕੇ ਸੁੱਟ ਦਿੰਦੇ ਹਨ।