
ਕੇਂਦਰੀ ਏਜੰਸੀਆਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ 'ਤੇ ਡਟੀਆਂ : ਭਾਈ ਗੁਰਦੀਪ ਸਿੰਘ
ਬਠਿੰਡਾ, 15 ਜੁਲਾਈ (ਸੁਖਜਿੰਦਰ ਮਾਨ): ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਉਤੇ ਬੇਅਦਬੀ ਕੇਸ ਵਿਚ ਰਾਜਨੀਤਕ ਮਨੋਰਥਾਂ ਲਈ ਕਥਿਤ ਦੋਸ਼ੀਆਂਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਪੰਥਕ ਧਿਰਾਂ ਨੇ ਬਰਗਾੜੀ ਵਿਖੇ ਮੁੜ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਥੇ ਜਾਰੀ ਇਕ ਬਿਆਨ ਵਿਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਬਾਬਾ ਚਮਕੌਰ ਸਿੰਘ ਭਾਈਰੂਪਾ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ,
File Photo
ਦਲ ਖ਼ਾਲਸਾ ਦੇ ਹਰਦੀਪ ਸਿੰਘ ਨੇ ਦਸਿਆ ਕਿ ਤਿੰਨਾਂ ਪੰਥਕ ਜਥੇਬੰਦੀਆਂ ਵਲੋਂ 17 ਜੁਲਾਈ ਨੂੰ ਬਰਗਾੜੀ ਵਿਖੇ ਸਾਂਝਾ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਿਟ ਕੇਸ ਨੂੰ ਹੱਲ ਕਰਨ ਅਤੇ ਮੁੱਖ ਦੋਸ਼ੀ ਸੌਦਾ ਸਾਧ ਨੂੰ ਗੁਰੂ ਗੰ੍ਰਥ ਸਾਹਿਬ ਦੀ ਬੇਹੁਰਮਤੀ ਕਰਨ ਲਈ ਗ੍ਰਿਫ਼ਤਾਰ ਕਰਨ ਵੱਲ ਵੱਧ ਰਹੀ ਹੈ ਤਾਂ ਐਨ ਉਸ ਮੌਕੇ ਸੀ.ਬੀ.ਆਈ ਨੇ ਵਿਸ਼ੇਸ਼ ਅਦਾਲਤ ਨੂੰ ਸਿਟ ਦੀ ਕਾਰਵਾਈ ਰੋਕਣ ਲਈ ਪਟੀਸ਼ਨ ਦਾਖ਼ਲ ਕਰ ਕੇ ਕੇਸ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਨਾ ਤਾਂ ਕਾਬਲੇ-ਬਰਦਾਸ਼ਤ ਹੈ ਅਤੇ ਨਾ ਹੀ ਪ੍ਰਵਾਨ।
ਉਨ੍ਹਾਂ ਬਾਦਲ ਪ੍ਰਵਾਰ ਉਪਰ ਅਕਾਲੀ-ਭਾਜਪਾ ਸਰਕਾਰ ਦੌਰਾਨ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਲੈਣ ਖ਼ਾਤਰ ਸਿਰਸਾ ਡੇਰਾ ਨੂੰ ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬ ਦੇ ਅਦਬ-ਸਤਿਕਾਰ ਨਾਲ ਖਿਲਵਾੜ ਕਰਨ ਦੀ ਖੁਲ੍ਹ ਦੇਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਨਾ ਤਾਂ ਮਾਫ਼ੀ ਦੇ ਹੱਕਦਾਰ ਹਨ ਅਤੇ ਨਾ ਹੀ ਸਿੱਖ ਅਖਵਾਉਣ ਦੇ।
ਜਥੇਬੰਦੀਆਂ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਮੁਜ਼ਾਹਰੇ ਮੌਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸੀਮਤ ਹੋਵੇਗੀ ਅਤੇ ਜਿਸਮਾਨੀ ਦੂਰੀਆਂ ਦਾ ਧਿਆਨ ਰਖਿਆ ਜਾਵੇਗਾ।