
'ਬੇਅਦਬੀ ਕਾਂਡ'
ਕੋਟਕਪੂਰਾ, 15 ਜੁਲਾਈ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਮਾਮਲੇ 'ਚ ਐਸਆਈਟੀ ਵਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਅਨੇਕਾਂ ਪਾਰਟੀਆਂ ਵਲੋਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵਿਰੁਧ ਨਿਸ਼ਾਨੇ ਸਾਧੇ ਜਾ ਰਹੇ ਹਨ
File Photo
ਪਰ ਬਾਦਲ ਪਿਉ-ਪੁੱਤ ਸਮੇਤ ਬਾਦਲ ਦਲ ਦਾ ਕੋਈ ਵੀ ਆਗੂ ਇਸ ਸਬੰਧੀ ਮੂੰਹ ਖੋਲ੍ਹਣ ਤੋਂ ਗੁਰੇਜ ਕਰ ਰਿਹਾ ਹੈ। ਕੋਟਕਪੂਰਾ ਗੋਲੀਕਾਂਡ 'ਚ ਐਸਆਈਟੀ ਵਲੋਂ ਹਿਰਾਸਤ 'ਚ ਲਏ ਗਏ 14 ਅਕਤੂਬਰ 2015 ਦੀ ਘਟਨਾ ਮੌਕੇ ਸਿਟੀ ਥਾਣਾ ਕੋਟਕਪੂਰਾ ਦੇ ਐਸਐਚਓ ਰਹੇ ਗੁਰਦੀਪ ਸਿੰਘ ਪੰਧੇਰ ਅਤੇ ਉਸ ਵੇਲੇ ਦੇ ਡੀਐਸਪੀ ਬਲਜੀਤ ਸਿੰਘ ਸਿੱਧੂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਅੱਜ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖ ਦੀ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਦੀ ਲੰਮੀ ਬਹਿਸ ਸੁਣਨ ਤੋਂ ਬਾਅਦ ਰੱਦ ਕਰ ਦਿਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਵਾਪਰੀ ਗੋਲੀਕਾਂਡ ਦੀ ਘਟਨਾ 'ਚ ਸਰਕਾਰੀ ਕਾਰਤੂਸਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਫ਼ਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਹੇਠ ਐਸਐਚਓ ਗੁਰਦੀਪ ਪੰਧੇਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਜੇਲ 'ਚ ਨਜ਼ਰਬੰਦ ਹੈ। ਜਦਕਿ ਤਤਕਾਲੀਨ ਡੀਐਸਪੀ ਤੇ ਹੁਣ ਐਸ.ਪੀ. ਬਣ ਚੁੱਕੇ ਬਲਜੀਤ ਸਿੰਘ ਸਿੱਧੂ ਨੇ ਅਪਣੀ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਲਈ ਅਦਾਲਤ 'ਚ ਅਗਾਉਂ ਜ਼ਮਾਨਤ ਦੀ ਮੰਗ ਕਰਦਿਆਂ ਖਦਸ਼ਾ ਜਾਹਰ ਕੀਤਾ ਸੀ ਕਿ ਐਸਆਈਟੀ ਉਸਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਉਕਤਾਨ ਨੇ ਚੱਲਦੇ ਮੁਕੱਦਮੇ ਤਕ ਜ਼ਮਾਨਤ ਦੀ ਮੰਗ ਕਰਦਿਆਂ ਆਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਜਾਂਚ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਤ ਨਹੀਂ ਕਰਨਗੇ।