
ਰੀਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਜਾਰੀ
ਨਵੀਂ ਦਿੱਲੀ, 15 ਜੁਲਾਈ : ਰੀਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਥੰਮਣ ਦਾ ਨਾਂ ਨਹੀਂ ਲੈ ਰਹੀ। ਅੱਜ ਫ਼ਾਰੈਕਸ ਮਾਰਕੀਟ ’ਚ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ 80 ਦੇ ਕਰੀਬ ਯਾਨੀ 79.88 ਰੁਪਏ ਤਕ ਚਲੀ ਗਈ, ਜੋ ਹੁਣ ਤਕ ਦਾ ਰਿਕਾਰਡ ਹੇਠਲਾ ਪੱਧਰ ਹੈ।
ਦਰਅਸਲ ਅਮਰੀਕਾ ’ਚ ਮਹਿੰਗਾਈ ਦਰ 9.1 ਫ਼ੀ ਸਦੀ ਨਾਲ 41 ਸਾਲਾਂ ਦੇ ਸਿਖਰ ’ਤੇ ਹੈ ਅਤੇ ਗਲੋਬਲ ਮਾਰਕੀਟ ’ਚ ਜਾਰੀ ਉਤਰਾਅ-ਚੜ੍ਹਾਅ ਦਰਮਿਆਨ ਡਾਲਰ ਦੀ ਮੰਗ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਹੈ, ਜਿਸ ਨੇ ਰੂਸ ’ਤੇ ਕਈ ਪਾਬੰਦੀਆਂ ਲਗਾ ਦਿਤੀਆਂ ਹਨ ਅਤੇ ਟ੍ਰੇਡਿੰਗ ਲਈ ਡਾਲਰ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਨਾਲ ਡਾਲਰ 29 ਸਾਲ ਦੀ ਸੱਭ ਤੋਂ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਹੈ। ਇਸ ਦਾ ਸਿੱਧਾ ਅਸਰ ਰੁਪਏ ’ਤੇ ਵੀ ਦਿਖਾਈ ਦੇ ਰਿਹਾ ਹੈ।
ਰੂਸ ਤੋਂ ਯੂਰਪੀ ਦੇਸ਼ਾਂ ਨੂੰ ਗੈਸ ਦੀ ਸਪਲਾਈ ਰੁਕ ਗਈ ਹੈ ਅਤੇ ਉੱਥੇ ਮੰਦੀ ਦਾ ਖ਼ਦਸ਼ਾ ਜ਼ਿਆਦਾ ਵਧ ਗਿਆ ਹੈ।
ਇਹੀ ਕਾਰਨ ਹੈ ਕਿ ਗਲੋਬਲ ਮਾਰਕੀਟ ’ਚ ਨਿਵੇਸ਼ਕ ਹਾਲੇ ਯੂਰੋ ਅਤੇ ਹੋਰ ਮੁਦਰਾਵਾਂ ਦੀ ਥਾਂ ਡਾਲਰ ਖਰੀਦ ਰਹੇ ਹਨ। ਇਸ ਨਾਲ ਅਮਰੀਕੀ ਡਾਲਰ ਦੀ ਮੰਗ ਵਧ ਰਹੀ ਹੈ ਅਤੇ ਉਸ ’ਚ ਲਗਾਤਾਰ ਮਜ਼ਬੂਤੀ ਆ ਰਹੀ ਹੈ। ਭਾਰਤੀ ਨਿਵੇਸ਼ਕਾਂ ਨੂੰ ਵੀ ਇਸ ਬਾਰੇ ਇਹੀ ਸਲਾਹ ਹੈ ਕਿ ਫ਼ਿਲਹਾਲ ਡਾਲਰ ਕੇਂਦਰਿਤ ਬਦਲਾਂ ’ਚ ਹੀ ਨਿਵੇਸ਼ ਕਰਨ ਕਿਉਂਕਿ ਭਾਰਤੀ ਮੁਦਰਾ ’ਚ ਹਾਲੇ ਸੁਧਾਰ ਦੀ ਗੁੰਜਾਇਸ਼ ਨਹੀਂ ਦਿਖਾਈ ਦਿੰਦੀ। (ਏਜੰਸੀ)