
ਆਈਟੀਬੀਪੀ ਜਵਾਨ ਨੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਨਵੀਂ ਦਿੱਲੀ, 16 ਜੁਲਾਈ : ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹਾ ਸਥਿਤ ਇਕ ਕੈਂਪ ਵਿਚ ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ ਇਕ ਜਵਾਨ ਨੇ ਸਨਿਚਰਵਾਰ ਨੂੰ ਅਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ ਅਤੇ ਬਾਅਦ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਇਹ ਘਟਨਾ ਜ਼ਿਲ੍ਹੇ ਦੇ ਦੇਵਿਕਾ ਘਾਟ ਭਾਈਚਾਰਕ ਕੇਂਦਰ ’ਤੇ ਦੁਪਿਹਰ ਸਾਢੇ ਤਿੰਨ ਵਜੇ ਵਾਪਰੀ।
ਆਈਟੀਬੀਪੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਾਂਸਟੇਬਲ ਭੁਪਿੰਦਰ ਸਿੰਘ ਨੇ ਅਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ, ਜਿਸ ’ਚ ਇਕ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਤਿੰਨਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਦਸੇ ਜਾ ਰਹੇ ਹਨ।
ਅਧਿਕਾਰੀ ਮੁਤਾਬਕ ਕਾਂਸਟੇਬਲ ਸਿੰਘ ਨੇ ਅਪਣੀ ਇੰਸਾਸ ਰਾਈਫ਼ਲ ਤੋਂ ਖ਼ੁਦ ਨੂੰ ਗੋਲੀ ਮਾਰੀ ਅਤੇ ਉਸ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਭੁਪਿੰਦਰ ਸਿੰਘ ਆਈਟੀਬੀਪੀ ਦੀ ਅੱਠਵੀਂ ਬਟਾਲੀਅਨ ਵਿਚ ਸੀ ਅਤੇ ਫਿਲਹਾਲ ਜੰਮੂ ਕਸ਼ਮੀਰ ਵਿਚ ਸੁਰੱਖਿਆ ਡਿਊਟੀ ਦੇ ਤਹਿਤ ਬਲ ਦੀ ਦੂਜੀ ਬਟਾਲੀਅਨ ਦੀ ਇਕ ਕੰਪਨੀ ’ਚ ਤੈਨਾਤ ਸੀ। ਅਧਿਕਾਰੀ ਨੇ ਦਸਿਆ ਕਿ ਆਈਟੀਬੀਪੀ ਵਲੋਂ ਕੋਰਟ ਆਫ਼ ਇੰਕੁਆਰੀ ਦੇ ਹੁਕਮ ਦਿਤੇ ਗਏ ਹਨ। (ਏਜੰਸੀ)