
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ 4.30 ਵਜੇ ਫਿਰੋਜ਼ਪੁਰ ਵਿਚ ਨੀਂਹ ਪੱਥਰ ਰੱਖਣਗੇ
ਫਿਰੋਜ਼ਪੁਰ - ਪੰਜਾਬ ਦੇ ਫਿਰੋਜ਼ਪੁਰ ਵਿਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਰਾਹ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। 23 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ 4.30 ਵਜੇ ਫਿਰੋਜ਼ਪੁਰ ਵਿਚ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਤਵਾਰ ਦੁਪਹਿਰ ਇੱਕ ਹੋਟਲ ਵਿਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਹਾਲਾਂਕਿ ਪਹਿਲਾਂ ਉਕਤ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਜਾਣਾ ਸੀ ਪਰ ਹੁਣ ਇਹ ਨੀਂਹ ਪੱਧਰ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਰੱਖਿਆ ਜਾਵੇਗਾ। ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਸਨ ਪਰ ਫਿਰੋਜ਼ਪੁਰ ਵਿਚ ਤਲਵੰਡੀ ਭਾਈ ਨੇੜੇ ਓਵਰਬ੍ਰਿਜ ’ਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਅੱਗੇ ਕਿਸਾਨਾਂ ਦੇ ਅਚਾਨਕ ਆ ਜਾਣ ਕਾਰਨ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ। ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵੱਡੀ ਕਮੀ ਦੇ ਤੌਰ 'ਤੇ ਦੇਖਿਆ ਗਿਆ ਸੀ।
ਉਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਕਤ ਘਟਨਾ ਨੂੰ ਕੋਈ ਗੰਭੀਰ ਮਾਮਲਾ ਨਹੀਂ ਦੱਸਿਆ ਗਿਆ ਸੀ, ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਾਪਸ ਜਾਂਦੇ ਸਮੇਂ ਬਠਿੰਡਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਕਿਹਾ ਸੀ ਕਿ ਸ਼ੁਕਰ ਹੈ ਸੁਰੱਖਿਅਤ ਵਾਪਸ ਜਾ ਰਿਹਾ ਹਾਂ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਆਉਣ ਦੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ। ਇੰਨਾ ਹੀ ਨਹੀਂ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਬਾਰੇ ਵੀ ਸਮੇਂ-ਸਮੇਂ 'ਤੇ ਚਰਚਾ ਹੁੰਦੀ ਰਹੀ ਹੈ।