
ਪੁੱਤ 8 ਸਾਲਾਂ ਤੋਂ ਸ਼ਰਾਬ ਪੀ ਕੇ ਘਰ ਵਿਚ ਲੜਾਈ-ਝਗੜਾ ਕਰਦਾ ਸੀ ਅਤੇ ਆਪਣੇ ਪਿਤਾ ਨਾਲ ਕੁੱਟਮਾਰ ਕਰਦਾ ਸੀ
Patiala News : ਪਟਿਆਲਾ ਦੇ ਤ੍ਰਿਪੜੀ ਦੇ ਆਨੰਦ ਨਗਰ 'ਚ ਰਹਿਣ ਵਾਲੇ ਸੇਵਾਮੁਕਤ ਜੰਗਲਾਤ ਕਰਮਚਾਰੀ ਅਜਾਇਬ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦੀ ਵਜ੍ਹਾ ਉਸ ਦਾ ਨਸ਼ੇੜੀ ਪੁੱਤਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮ੍ਰਿਤਕ ਦੀ ਮਾਤਾ ਮਲਕੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪੋਤੇ ਸਿਮਰਨਜੀਤ ਸਿੰਘ (30) ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਲਕੀਤ ਕੌਰ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਸਿਮਰਨਜੀਤ ਸਿੰਘ ਸ਼ਰਾਬ ਪੀ ਕੇ ਘਰ ਵਿਚ ਲੜਾਈ-ਝਗੜਾ ਕਰਦਾ ਸੀ ਅਤੇ ਆਪਣੇ ਪਿਤਾ ਅਜੈਬ ਸਿੰਘ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਜੈਬ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ।
ਘਰ ਦਾ ਸਾਮਾਨ ਤੱਕ ਵੇਚ ਦਿੰਦਾ ਸੀ ਆਰੋਪੀ
ਮਲਕੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਛੋਟੇ ਬੇਟੇ ਦੇ ਮੁਹੱਲੇ ਵਿੱਚ ਵੱਖਰੇ ਮਕਾਨ ਵਿੱਚ ਰਹਿੰਦੀ ਹੈ। ਉਸ ਦਾ ਵੱਡਾ ਪੁੱਤਰ ਅਜੈਬ ਸਿੰਘ ਆਪਣੇ ਪੁੱਤਰ ਸਿਮਰਨਜੀਤ ਸਿੰਘ ਦੇ ਘਰ ਇਕੱਲਾ ਰਹਿੰਦਾ ਸੀ। ਮ੍ਰਿਤਕ ਦੀ ਬੇਟੀ ਦਾ ਵਿਆਹ ਹੋ ਚੁੱਕਾ ਹੈ ਅਤੇ ਪਤਨੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਪੁੱਤਰ ਨੇ 8 ਸਾਲ ਪਹਿਲਾਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਘਰ 'ਚ ਕਲੇਸ਼ ਰਹਿੰਦਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।
ਨਸ਼ੇ ਲਈ ਪੈਸੇ ਨਾ ਮਿਲਣ 'ਤੇ ਘਰ ਦਾ ਸਮਾਨ ਵੇਚਣਾ ਅਤੇ ਪਿਤਾ ਅਜੈਬ ਸਿੰਘ ਨਾਲ ਕੁੱਟਮਾਰ ਕਰਨਾ ਆਮ ਗੱਲ ਹੋ ਗਈ ਸੀ। ਪੁੱਤਰ ਦੀ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਅਜੈਬ ਸਿੰਘ ਨੇ 14 ਜੁਲਾਈ ਨੂੰ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਤੀ ਰਾਤ ਪੁਲੀਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।