
ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ, ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ, ਸਾਫ਼ਮਾ..................
ਅੰਮ੍ਰਿਤਸਰ : ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ, ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ, ਸਾਫ਼ਮਾ ਅਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਕਰਵਾਏ ਗਏ 23ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੇ ਅਵਸਰ 'ਤੇ ਅੱਜ ਅਹਿਮ ਐਲਾਨਨਾਮਾ ਜਾਰੀ ਕੀਤਾ। ਉਕਤ ਸੰਗਠਨਾ ਦੇ ਬੁਲਾਰੇ ਰਮੇਸ਼ ਯਾਦਵ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੀ 72ਵੀਂ ਵਰ੍ਹੇਗੰਢ 'ਤੇ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ
ਜਿਨ੍ਹਾਂ ਨੇ ਅੰਗਰੇਜ਼ ਸਾਮਰਾਜ ਤੋਂ ਇਸ ਖਿੱਤੇ ਨੂੰ ਆਜ਼ਾਦ ਕਰਵਾਉਣ ਲਈ ਵੱਡੀਆਂ ਸ਼ਹਾਦਤਾਂ ਦਿੱਤੀਆਂ ਅਤੇ ਜੇਲ੍ਹਾਂ ਵਿਚ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਸਹਿਣ ਕੀਤੇ। ਉਨ੍ਹਾਂ 10 ਲੱਖ ਲੋਕਾਂ ਨੂੰ ਵੀ ਗਹਿਰੇ ਦੁੱਖ ਨਾਲ ਯਾਦ ਕਰਦੇ ਹਾਂ ਜੋ ਭਾਰਤੀ ਉੱਪ-ਮਹਾਂਦੀਪ ਦੀ ਵੰਡ ਸਮੇਂ ਫਿਰਕੂ ਹਿੰਸਾ ਵਿਚ ਮਾਰੇ ਗਏ। ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਕਾਰ ਵਪਾਰਕ, ਸੱਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਪਾਕਿਸਤਾਨ ਦਾ ਵੀਜ਼ਾ ਤੇ ਵਣਜ ਦਫ਼ਤਰ ਅੰਮ੍ਰਿਤਸਰ ਵਿਚ ਖੋਲ੍ਹਿਆ ਜਾਵੇ ਅਤੇ ਭਾਰਤ ਦਾ ਵੀਜ਼ਾ ਤੇ ਵਣਜ ਦਫ਼ਤਰ ਲਾਹੌਰ ਵਿਚ ਖੋਲ੍ਹਿਆ ਜਾਵੇ
ਤਾਂ ਜੋ ਅੰਮ੍ਰਿਤਸਰ ਤੋਂ ਲਾਹੌਰ ਅਤੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਦਰਮਿਆਨ ਲਗਭਗ ਖਾਲੀ ਚੱਲ ਰਹੀਆਂ ਬੱਸਾਂ ਦੀ ਆਵਾਜਾਈ ਨੂੰ ਸਫ਼ਲ ਬਣਾਇਆ ਜਾ ਸਕੇ ਅਤੇ ਵਾਹਗੇ ਰਾਹੀਂ ਵਪਾਰ ਵਿਚ ਵਾਧਾ ਹੋ ਸਕੇ. ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਪ੍ਰਮਾਣੂ ਤੇ ਰਿਵਾਇਤੀ ਹਥਿਆਰਾਂ ਦੀ ਦੌੜ ਘਟਾਉਣ ਲਈ ਆਪਸ ਵਿਚ ਵਿਸ਼ਵਾਸ ਵਾਲਾ ਮਾਹੌਲ ਸਿਰਜਣ ਤਾਂ ਜੋ ਰੱਖਿਆ ਬਜਟਾਂ ਵਿਚ ਕਮੀ ਕਰਕੇ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨ ਲਈ ਕੀਮਤੀ ਵਸੀਲਿਆਂ ਦੀ ਵਰਤੋਂ ਕੀਤੀ ਜਾ ਸਕੇ।
ਦੋਵੇਂ ਸਰਕਾਰਾਂ ਪੱਤਰਕਾਰਾਂ, ਲੇਖਕਾਂ ਤੇ ਕਲਾਕਾਰਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਅਤੇ ਦੋਵਾਂ ਦੇਸ਼ਾਂ ਦੇ ਅਖਬਾਰਾਂ, ਮੈਗਜ਼ੀਨਾਂ ਅਤੇ ਕਿਤਾਬਾਂ ਦਾ ਆਦਾਨ-ਪ੍ਰਦਾਨ ਆਸਾਨ ਬਣਾਉਣ। ਮੰਗ ਕਰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਮਿਲ ਕੇ ਸਾਰਕ ਨੂੰ ਮਜ਼ਬੂਤ ਬਣਾਉਣ ਲਈ ਪਹਿਲਕਦਮੀ ਕਰਨ। ਕਾਠਮੰਡੂ,ਇਸਲਾਮਾਬਾਦ, ਢਾਕਾ, ਨਵੀਂ ਦਿੱਲੀ, ਕੋਲੰਬੋ, ਭੂਟਾਨ ਤੇ ਮਾਲਦੀਵਜ਼ ਦੇ ਸਾਰਕ ਸਿਖਰ ਸੰਮੇਲਨਾਂ ਵਿਚ ਪ੍ਰਵਾਨ ਕੀਤੇ ਗਏ ਐਲਾਨਨਾਮਿਆਂ, ਪਾਸ ਕੀਤੇ ਗਏ ਮਤਿਆਂ 'ਤੇ ਅਮਲ ਯਕੀਨੀ ਬਣਾਉਣ ਲਈ ਠੋਸ ਪਹਿਲਕਦਮੀ ਕੀਤੀ ਜਾਵੇ। ਖ਼ਾਸ ਕਰਕੇ ਸਾਰਕ ਦੇ ਸਲਾਨਾਂ ਸਿੱਖਰ ਸੰਮੇਲਨਾਂ ਦਾ ਸਿਲਸਿਲਾ ਮੁੜ ਆਰੰਭ ਕੀਤਾ ਜਾਏ। ਹੋਰ ਵੀ ਕਈ ਮਸਲੇ ਉਠਾਏ ਗਏ ਹਨ।