
-ਆਪਣੀ ਜਨਮਭੂਮੀ ਤੋਂ ਵੱਖ ਹੋਏ ਲੋਕਾਂ ਨੂੰ ਮਿਲਣ ਖੁੱਲ੍ਹੇ ਵੀਜ਼ੇ
ਅੰਮ੍ਰਿਤਸਰ - ਸੰਨ 1947 ’ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਯਾਦ ਕੀਤਾ ਗਿਆ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ, ਜਿਸ ਵਿਚ ਦੇਸ਼ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
Giani Harpreet Singh
ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸੰਸਦ ਵਿਚ ਸ਼ੋਕ ਮਤੇ ਪਾਸ ਕਰਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉਜਾੜੇ ਦਾ ਸਿਤਮ ਹੰਢਾਉਣ ਵਾਲੇ ਲੋਕਾਂ ਨੂੰ ਪਾਰਲੀਮੈਂਟ ਅੰਦਰ ਯਾਦ ਕਰਦੀਆਂ ਅਤੇ ਆਪਣੇ ਆਪ ਸ਼ੋਕ ਮਤੇ ਲਿਆਉਂਦੀਆਂ, ਪਰ ਸਰਕਾਰਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ।
file photo
ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸ਼ੋਕ ਮਤੇ ਜ਼ਰੂਰ ਪਾਸ ਕਰਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ 1947 ਤੋਂ ਪਹਿਲਾਂ ਜਨਮ ਲੈਣ ਵਾਲੇ ਲੋਕਾਂ ਨੂੰ ਆਪਣੀ ਜਨਮ ਭੂਮੀ ਅਤੇ ਧਾਰਮਿਕ ਅਸਥਾਨਾਂ ’ਤੇ ਜਾਣ ਲਈ ਖੁੱਲ੍ਹਦਿਲੀ ਨਾਲ ਵੀਜ਼ਿਆਂ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1947 ਦੀ ਦੇਸ਼ ਵੰਡ ਮੌਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਸਹਿਣਾ ਪਿਆ ਅਤੇ ਇਸ ਤੋਂ ਇਲਾਵਾ ਬੰਗਾਲੀਆਂ ਨੂੰ ਵੀ ਵੱਡੀ ਮਾਰ ਝੱਲਣੀ ਪਈ। ਅੰਗਰੇਜ਼ਾਂ ਖਿਲਾਫ਼ ਪੰਜਾਬ ਤੇ ਬੰਗਾਲ ਦੇ ਲੋਕਾਂ ਨੇ ਸਭ ਤੋਂ ਵੱਧ ਜੱਦੋ-ਜਹਿਦ ਕੀਤੀ, ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ ਅਤੇ ਕੁਰਬਾਨੀਆਂ ਦਿੱਤੀਆਂ। ਪਰ ਆਜ਼ਾਦੀ ਸਮੇਂ ਇਨ੍ਹਾਂ ਦੋਹਾਂ ਸੂਬਿਆਂ ਨੂੰ ਹੀ ਤੋੜ ਦਿੱਤਾ ਗਿਆ।
Giani Harpreet Singh
ਉਨ੍ਹਾਂ ਕਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ ਜਿਥੇ ਪੰਜਾਬੀਆਂ ਨੂੰ ਵੱਡੀ ਗਿਣਤੀ ਵਿਚ ਜਾਨਾਂ ਗਵਾਉਣੀਆਂ ਪਈਆਂ, ਉਥੇ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਘਰਾਂ ਅਤੇ ਪਾਵਨ ਗੁਰਧਾਮਾਂ ਨੂੰ ਵੀ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅੰਦਰ ਇਹ ਦਰਦ ਅੱਜ ਵੀ ਜਿੰਦਾ ਹੈ ਅਤੇ ਉਹ ਜਿਥੇ ਆਪਣੀ ਜਨਮ ਭੂਮੀ ਵੇਖਣਾ ਚਾਹੁੰਦੇ ਹਨ, ਉਥੇ ਹੀ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਵੀ ਤਰਸਦੇ ਹਨ। ਜਥੇਦਾਰ ਨੇ ਕਿਹਾ ਕਿ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਹੱਜ ਕਰਨ ਤੋਂ ਰੋਕਣਾ ਵੱਡਾ ਗੁਨਾਹ ਹੈ, ਇਸੇ ਤਰ੍ਹਾਂ ਸਿੱਖਾਂ ਨੂੰ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਵਿਚ ਰਹਿ ਗਏ ਹੋਰ ਗੁਰਧਾਮਾਂ ਦੇ ਦਰਸ਼ਨਾਂ ਤੋਂ ਰੋਕਣਾ ਵੀ ਠੀਕ ਨਹੀਂ ਹੈ।
Giani Harpreet Singh
ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਲਈ ਸੰਜੀਦਗੀ ਨਾਲ ਵਿਚਾਰਨ ਦਾ ਮਸਲਾ ਹੈ ਅਤੇ ਸਰਕਾਰਾਂ ਨੂੰ ਹਰ ਧਰਮ ਦੇ ਲੋਕਾਂ ਲਈ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਵੀਜੇ ਦੇਣ ਦੀ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ। ਇਸੇ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਵਰਤਮਾਨ ਸਥਿਤੀ ’ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦਾ ਮਾਹੌਲ ਬੇਹੱਦ ਚਿੰਤਾਜਨਕ ਹੈ।
ਨਸ਼ਿਆਂ ਦਾ ਬੋਲਬਾਲਾ ਅਤੇ ਕੁਦਰਤ ਨਾਲ ਖਿਲਵਾੜ ਜਿਹੇ ਅਣਮਨੁੱਖੀ ਵਰਤਾਰੇ ਪੰਜਾਬ ਨੂੰ ਤਬਾਹੀ ਕੰਡੇ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਪ੍ਰਤੀ ਜ਼ਿੰਮੇਵਾਰੀ ਸਭ ਦਾ ਫ਼ਰਜ਼ ਹੈ ਅਤੇ ਧਰਮ ਤੇ ਸਮਾਜ ਵਿਰੋਧੀ ਵਰਤਾਰੇ ਠੀਕ ਨਹੀਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਆਸਰੇ ਅਨੁਸਾਰ ਜੀਵਨ ਜਾਂਚ ਨਿਰਧਾਰਤ ਕਰਨ, ਤਾਂ ਜੋ ਇਸ ਖਿੱਤੇ ਦੀ ਖੁਸ਼ਹਾਲੀ ਕਾਇਮ ਰਹੇ।