
Punjab Floods : ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਕੇ ਸੁਰੱਖਿਆ ਨੂੰ ਬਣਾਇਆ ਜਾ ਸਕਦੈ ਯਕੀਨੀ
Flood-like Situation in Punjab, Know the Measures to Avoid Floods Latest News in Punjabi : 15 ਅਗੱਸਤ ਨੂੰ ਜਿੱਥੇ ਦੇਸ਼ ਵਾਸੀ ਆਜ਼ਾਦੀ ਦਿਹਾੜੇ ਮਨਾਉਣ ਦੇ ਜਸ਼ਨਾਂ ’ਚ ਰੁੱਝ ਹੋਏ ਹਨ, ਉਥੇ ਹੀ ਪਹਾੜੀ ਇਲਾਕਿਆਂ ਵਿਚ ਪੈ ਰਹੀ ਭਾਰੀ ਬਰਸਾਤ ਕਾਰਣ ਪੰਜਾਬ ਵਿਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ, ਜਦਕਿ ਸਤਲੁਜ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ 'ਚ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ 'ਚ ਕਈ ਇਲਾਕੇ ਪਾਣੀ ਦੀ ਮਾਰ ਝੱਲ ਰਹੇ ਹਨ।
ਹੜ੍ਹਾਂ ਤੋਂ ਬਚਣ ਲਈ ਕੁੱਝ ਜ਼ਰੂਰੀ ਕਦਮ ਹਨ ਜੋ ਤੁਸੀਂ ਹੜ੍ਹ ਤੋਂ ਪਹਿਲਾਂ, ਹੜ੍ਹ ਦੌਰਾਨ ਅਤੇ ਹੜ੍ਹ ਤੋਂ ਬਾਅਦ ਚੁੱਕ ਸਕਦੇ ਹੋ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਕੇ ਤੁਸੀਂ ਅਪਣੀ ਅਤੇ ਅਪਣੇ ਪਰਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ।
f
ਅਪਣੇ ਪਰਵਾਰ ਨਾਲ ਮਿਲ ਕੇ ਐਮਰਜੈਂਸੀ ਯੋਜਨਾ ਬਣਾਉ ਕਿ ਹੜ੍ਹ ਆਉਣ 'ਤੇ ਕੀ ਕਰਨਾ ਹੈ। ਇਹ ਤੈਅ ਕਰੋ ਕਿ ਤੁਸੀਂ ਕਿੱਥੇ ਜਾਣਾ ਹੈ ਅਤੇ ਆਪਸ ਵਿਚ ਸੰਪਰਕ ਕਿਵੇਂ ਰੱਖਣਾ ਹੈ। ਇਕ ਐਮਰਜੈਂਸੀ ਕਿੱਟ ਤਿਆਰ ਕਰੋ, ਜਿਸ ਵਿਚ ਘੱਟੋ-ਘੱਟ ਇਕ ਹਫ਼ਤੇ ਲਈ ਜ਼ਰੂਰੀ ਚੀਜ਼ਾਂ ਹੋਣ, ਜਿਵੇਂ ਕਿ: ਪਾਣੀ ਅਤੇ ਸੁੱਕਾ ਖਾਣਾ, ਜ਼ਰੂਰੀ ਦਵਾਈਆਂ, ਟਾਰਚ ਅਤੇ ਵਾਧੂ ਬੈਟਰੀਆਂ, ਰੇਡੀਉ, ਮੁਢਲੀ ਸਹਾਇਤਾ ਕਿੱਟ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਵਾਟਰਪ੍ਰੂਫ਼ ਬੈਗ ਵਿਚ ਰੱਖੋ।
ਅਪਣੇ ਇਲਾਕੇ ਦੇ ਨਿਕਾਸੀ ਰਸਤਿਆਂ ਬਾਰੇ ਜਾਣਕਾਰੀ ਰੱਖੋ ਅਤੇ ਉੱਚੀ ਥਾਂ 'ਤੇ ਜਾਣ ਲਈ ਪਹਿਲਾਂ ਹੀ ਰਸਤਾ ਚੁਣ ਲਉ। ਮੌਸਮ ਦੀਆਂ ਖ਼ਬਰਾਂ ਅਤੇ ਸਰਕਾਰੀ ਚੇਤਾਵਨੀਆਂ ਨੂੰ ਲਗਾਤਾਰ ਸੁਣਦੇ ਰਹੋ। ਹੜ੍ਹ ਦੌਰਾਨ ਸ਼ਾਂਤ ਰਹੋ, ਘਬਰਾਉ ਨਾ ਅਤੇ ਅਫ਼ਵਾਹਾਂ 'ਤੇ ਯਕੀਨ ਨਾ ਕਰੋ।
ਜੇ ਤੁਹਾਨੂੰ ਘਰ ਖ਼ਾਲੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਤੁਰਤ ਸਰਕਾਰੀ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸੁਰੱਖਿਅਤ ਥਾਂ 'ਤੇ ਚਲੇ ਜਾਉ। ਜੇ ਸੰਭਵ ਹੋਵੇ ਤਾਂ ਅਪਣੇ ਘਰ ਦੀ ਬਿਜਲੀ ਅਤੇ ਗੈਸ ਸਪਲਾਈ ਬੰਦ ਕਰ ਦਿਉ। ਹੜ੍ਹ ਦੇ ਪਾਣੀ ਵਿਚ ਪੈਦਲ ਜਾਂ ਗੱਡੀ ਨਾਲ ਜਾਣ ਤੋਂ ਬਚੋ ਕਿਉਂਕਿ ਪਾਣੀ ਵਿਚ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਜਾਂ ਹੋਰ ਖ਼ਤਰਨਾਕ ਚੀਜ਼ਾਂ ਹੋ ਸਕਦੀਆਂ ਹਨ। ਸਿਰਫ਼ 6 ਇੰਚ ਡੂੰਘਾ ਪਾਣੀ ਵੀ ਤੁਹਾਨੂੰ ਡੇਗ ਸਕਦਾ ਹੈ।
ਜਦੋਂ ਤਕ ਅਧਿਕਾਰੀ ਤੁਹਾਨੂੰ ਵਾਪਸ ਜਾਣ ਦੀ ਇਜਾਜ਼ਤ ਨਹੀਂ ਦਿੰਦੇ, ਉਦੋਂ ਤਕ ਘਰ ਵਿਚ ਵਾਪਸ ਨਾ ਜਾਉ। ਜੇ ਤੁਹਾਡਾ ਘਰ ਗਿੱਲਾ ਹੋ ਗਿਆ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰੋ। ਬਿਜਲੀ ਦੀਆਂ ਤਾਰਾਂ ਜਾਂ ਉਪਕਰਨਾਂ ਨੂੰ ਹੱਥ ਨਾ ਲਾਉ ਜਦੋਂ ਤਕ ਕਿਸੇ ਮਾਹਰ ਵਲੋਂ ਜਾਂਚ ਨਾ ਕੀਤੀ ਜਾਵੇ। ਟੂਟੀ ਦਾ ਪਾਣੀ ਪੀਣ ਤੋਂ ਪਹਿਲਾਂ ਇਹ ਯਕੀਨੀ ਬਣਾਉ ਕਿ ਉਹ ਸਾਫ਼ ਅਤੇ ਸੁਰੱਖਿਅਤ ਹੈ। ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨ ਦੀਆਂ ਗੋਲੀਆਂ ਪਾ ਕੇ ਵਰਤੋਂ ਕਰੋ।
ਹੜ੍ਹਾਂ ਦੀ ਸਥਿਤੀ ਵਿਚ ਐਨ.ਡੀ.ਆਰ.ਐਫ਼. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ) ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਜੂਦ ਹੁੰਦੀਆਂ ਹਨ। ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਸਥਾਨਕ ਕੰਟਰੋਲ ਰੂਮ ਜਾਂ ਐਨ.ਡੀ.ਆਰ.ਐਫ਼. ਨਾਲ ਸੰਪਰਕ ਕਰੋ।
(For more news apart from stay tuned to Rozana Spokesman.)