
ਖੇਤੀ ਆਰਡੀਨੈਂਸ ਸੰਸਦ 'ਚ ਪੇਸ਼ ਕਰਨ ਨਾਲ ਅਕਾਲੀ ਦਲ ਦਾ ਚਿਹਰਾ ਨੰਗਾ ਹੋਇਆ: ਕੈਪਟਨ
ਚੰਡੀਗੜ੍ਹ, 15 ਸਤੰਬਰ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਵਲੋਂ ਖੇਤੀਬਾੜੀ ਆਰਡੀਨੈਂਸਾਂ ਨੂੰ ਬੀਤੇ ਦਿਨ ਸੰਸਦ ਵਿਚ ਪੇਸ਼ ਕਰਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਸੂਬੇ ਦੀ ਕਿਸਾਨੀ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਦਾਅਵਿਆਂ ਦਾ ਝੂਠ ਨੰਗਾ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਅੱਗੇ ਪਾਉਣ ਦੀ ਅਖੌਤੀ ਅਪੀਲ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਪੇਸ਼ ਕਰ ਦਿਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਇਸ ਮੁੱਦੇ ਸਬੰਧੀ ਡਰਾਮੇਬਾਜ਼ੀ ਕਰ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਸਦਨ ਤੋਂ ਬਾਹਰ ਸੀ ਜਦੋਂ ਇਹ ਆਰਡੀਨੈਂਸ ਸੰਸਦ ਵਿਚ ਕਾਨੂੰਨ ਬਣਾਉਣ ਲਈ ਪੇਸ਼ ਹੋਏ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵਲੋਂ ਸਾਰਾ ਡਰਾਮਾ ਕਿਸਾਨ ਜਥੇਬੰਦੀਆਂ ਨੂੰ ਪਰਚਾਉਣ ਵਾਸਤੇ ਰਚਿਆ ਗਿਆ ਸੀ ਜਿਨ੍ਹਾਂ ਨੇ ਇਸ ਵੇਲੇ ਆਰਡੀਨੈਂਸਾਂ ਦਾ ਸਖ਼ਤ ਵਿਰੋਧ ਕਰਦਿਆਂ ਕੇਂਦਰ ਸਰਕਾਰ ਵਿਰੁਧ ਕਮਰ ਕਸੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀਆਂ ਨੇ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਦੌਰਾਨ ਵੀ ਇਹੋ ਹੱਥਕੰਡੇ ਅਪਣਾਏ ਸਨ ਅਤੇ ਆਰਡੀਨੈਂਸ ਵਿਰੋਧੀ ਮਤੇ ਦੇ ਹੱਕ ਵਿਚ ਵੋਟ ਤੋਂ ਬਚਣ ਲਈ ਉਸ ਸਮੇਂ ਅਕਾਲੀ ਦਲ ਗ਼ੈਰ ਹਾਜ਼ਰ ਰਿਹਾ ਸੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵਲੋਂ ਖੇਤੀ ਆਰਡੀਨੈਂਸਾਂ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਗੰਢਤੁੱਪ ਦੇ ਦੋਸ਼ ਲਾਉਣ ਦੇ ਬਿਆਨਾਂ ਦੀ ਖਿੱਲੀ ਉਡਾਉਂਦਿਆਂ ਆਪ ਲੀਡਰਾਂ ਨੂੰ ਅਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ।
image
ਕਿਹਾ, ਸੁਖਬੀਰ ਦਾ ਕੱਲ ਸੰਸਦ ਵਿਚੋਂ ਬਾਹਰ ਰਹਿਣਾ ਸਿੱਧ ਕਰਦਾ ਹੈ ਕਿ ਉਸ ਨੂੰ ਆਰਡੀਨੈਂਸ ਪੇਸ਼ ਕਰਨ ਬਾਰੇ ਪਤਾ ਸੀ