
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਅਤਿਵਾਦੀ ਘਟਨਾਵਾਂ ਘਟੀਆਂ : ਰੈਡੀ
ਨਵੀਂ ਦਿੱਲੀ, 15 ਸਤੰਬਰ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਸਿਆ ਕਿ ਜੰਮੂ-ਕਸ਼ਮੀਰ 'ਚ ਕੋਈ ਵੀ ਨਜ਼ਰਬੰਦ ਨਹੀਂ ਹੈ ਅਤੇ ਮੌਜੂਦਾ ਸਮੇਂ 223 ਲੋਕ ਹਿਰਾਸਤ 'ਚ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਲੋਕ ਸਭਾ ਨੂੰ ਦਸਿਆ ਕਿ ਜੰਮੂ-ਕਸ਼ਮੀਰ ਤੋਂ ਪਿਛਲੇ ਸਾਲ ਅਗਸਤ ਮਹੀਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਉਥੇ ਸ਼ਾਂਤੀ ਬਣਾਈ ਰੱਖਣ ਲਈ ਕਈ ਕਦਮ ਚੁਕੇ ਗਏ। ਇਨ੍ਹਾਂ 'ਚੋਂ ਕੁਝ ਵਿਅਕਤੀਆਂ ਨੂੰ ਚੌਕਸੀ ਦੇ ਤੌਰ 'ਤੇ ਹਿਰਾਸਤ 'ਚ ਵੀ ਲਿਆ ਗਿਆ।
ਰੈਡੀ ਨੇ ਕਿਹਾ,''11 ਸਤੰਬਰ 2020 ਤਕ 223 ਵਿਅਕਤੀ ਹਿਰਾਸਤ 'ਚ ਹਨ। ਕੋਈ ਵੀ ਵਿਅਕਤੀ ਨਜ਼ਰਬੰਦ ਨਹੀਂ ਹੈ।'' ਕੇਂਦਰੀ ਮੰਤਰੀ ਨੇ ਇਹ ਵੀ ਦਸਿਆ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਰਾਜ ਦੀ ਵੰਡ ਤੋਂ ਬਾਅਦ ਇਥੇ ਅਤਿਵਾਦ ਦੀਆਂ ਘਟਨਾਵਾਂ 'ਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਨੇ ਦਸਿਆ ਕਿ 29 ਜੂਨ 2018 ਤੋਂ ਚਾਰ ਅਗਸਤ 2019 ਦਰਮਿਆਨ 402 ਦਿਨਾਂ 'ਚ ਜੰਮੂ ਅਤੇ ਕਸ਼ਮੀਰ 'ਚ ਅਤਿਵਾਦ ਦੀਆਂ 455 ਘਟਨਾਵਾਂ ਹੋਈਆਂ ਸਨ, ਜਦੋਂ ਕਿ 5 ਅਗਸਤ 2019 ਤੋਂ 9 ਸਤੰਬਰ 2020 ਦਰਮਿਆਨ 402 ਦਿਨਾਂ 'ਚ ਅਜਿਹੀਆਂ 211 ਘਟਨਾਵਾਂ ਹੋਈਆਂ। (ਏਜੰਸੀ)