
ਜਥੇਦਾਰ ਅਕਾਲ ਤਖ਼ਤ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੈੱਡ ਗ੍ਰੰਥੀ ਨੈਤਿਕ ਆਧਾਰ ’ਤੇ ਅਸਤੀਫ਼ੇ ਦੇਣ : ਰਾਜਾਸਾਂਸੀ
ਅੰਮ੍ਰਿਤਸਰ, 15 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਦੋਸ਼ੀ ਵਿਅਕਤੀ ਵਲੋਂ ਸਿਗਰੇਟ ਪੀ ਕੇ ਬੇਅਦਬੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਤਖ਼ਤ ਦੇ ਜਥੇਦਾਰ ਗਿ. ਰਘਬੀਰ ਸਿੰਘ, ਹੈੱਡ ਗ੍ਰੰਥੀ ਨੂੰ ਤੁਰਤ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇ ਗਿ. ਹਰਪ੍ਰੀਤ ਸਿੰਘ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ ਕਿ ਜੋ ਅੱਜਕਲ ਵਿਦੇਸ਼ ਦੌਰੇ ’ਤੇ ਹਨ।
ਰਘਬੀਰ ਸਿੰਘ ਰਾਜਾਸਾਂਸੀ ਨੇ ਦੋਸ਼ ਲਾਇਆ ਕਿ ਇਸ ਵਾਪਰੀ ਘਟਨਾ ਨੇ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰ ਦਿਤੇ ਹਨ। ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਹੈ, ਜਿਥੇ ਉਨ੍ਹਾਂ ਖ਼ਾਲਸਾ ਪੰਥ ਸਾਜਿਆ ਸੀ। ਇਹ ਮਹਾਨ ਤਖ਼ਤ ਤੇ ਬੇਹੱਦ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ ਪਰ ਉਥੋਂ ਦੇ ਪ੍ਰਬੰਧਕ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ।
ਉਨ੍ਹਾਂ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਕੋਈ ਧੜੱਲੇਦਾਰ ‘ਜਥੇਦਾਰ’ ਹੁੰਦਾ ਤਾਂ ਉਹ ਪੁਲਿਸ ਨੂੰ ਕੇਸ ਦੀ ਥਾਂ ਸਖ਼ਤੀ ਨਾਲ ਤਫ਼ਤੀਸ਼ ਕਰਦੇ। ਪਰ ਦੋਸ਼ੀ ਪੁਲਿਸ ਹਵਾਲੇ ਕਰਨ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ, ਇਹ ਕਿਸੇ ਦੇ ਇਸ਼ਾਰੇ ’ਤੇ ਇਥੇ ਆਇਆ ਹੈ। ਹੁਣ ਤਾਂ ਪੁਲਿਸ ਦਫ਼ਾ 295 ਦਾ ਪਰਚਾ ਦਰਜ ਕਰ ਕੇ ਕੋਈ ਕਾਰਵਾਈ ਨਹੀਂ ਕਰੇਗੀ। ਰਘਬੀਰ ਸਿੰਘ ਰਾਜਾਸਾਂਸੀ ਨੇ ਬਾਦਲਾਂ ਦੀ ਆਲੋਚਨਾ ਕੀਤੀ ਕਿ ਜੋ ਸਿੱਖ ਸੰਸਥਾਵਾਂ ਨੂੰ ਜਫੇ ਮਾਰ ਕੇ ਬੈਠੇ ਹਨ।