
ਜਦੋਂ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਬੀਬੀ ਜਗੀਰ ਕੌਰ ਫ਼ਤਿਹ ਬੁਲਾ ਗੱਡੀ ਵਿਚ ਬੈਠੀ
ਸ੍ਰੀ ਆਨੰਦਪੁਰ ਸਾਹਿਬ, 15 ਸਤੰਬਰ (ਸੁਖਵਿੰਦਰਪਾਲ ਸਿੰਘ ਸੁੱਖੂ): ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੁਧਿਆਣਾ ਨਿਵਾਸੀ ਵਿਅਕਤੀ ਵਲੋਂ ਕੀਤੀ ਬੇਅਦਬੀ ਤੋਂ ਬਾਅਦ ਅੱਜ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਿੱਖ ਸੰਗਤਾਂ ਦੇ ਰੋਹ ਨੂੰ ਦੇਖਦਿਆਂ ਤਖ਼ਤ ਸਾਹਿਬ ਦੇ ਸਾਹਮਣੇ ਪਸ਼ਚਾਤਾਪ ਕਰ ਰਹੀਆਂ ਸੰਗਤਾਂ ਵਿਚਕਾਰ ਪਹੁੰਚੇ। ਦਸਣਯੋਗ ਹੈ ਕਿ ਅੱਜ ਸਵੇਰੇ ਇਥੇ ਪਹੁੰਚੇ ਬੀਬੀ ਜਗੀਰ ਕੌਰ ਨੇ ਜਿਥੇ ਪਹਿਲਾਂ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨਾਲ ਬੇਅਦਬੀ ਦੇ ਮੁੱਦੇ ਤੇ ਗੱਲਬਾਤ ਕਰ ਕੇ ਜਿਥੇ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ। ਉਪਰੰਤ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਘੇਰੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਜਥੇਦਾਰ ਰਘਬੀਰ ਸਿੰਘ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ। ਜਦੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਦੇ ਨਾਲ ਬਾਹਰ ਆਏ ਤਾਂ ਤਖ਼ਤ ਸਾਹਿਬ ਦੇ ਸਾਹਮਣੇ ਪਸ਼ਚਾਤਾਪ ਕਰ ਰਹੀਆਂ ਸੰਗਤਾਂ ਖੜੀਆਂ ਹੋ ਗਈਆਂ ਅਤੇ ਰੋਹ ਵਿਚ ਆ ਕੇ ਜੈਕਾਰੇ ਲਾਉਣ ਲੱਗ ਪਈਆਂ। ਸੰਗਤਾਂ ਦੇ ਰੋਹ ਨੂੰ ਦੇਖਦਿਆਂ ਬੀਬੀ ਜਗੀਰ ਕੌਰ ਭਾਰੀ ਪੁਲਿਸ ਫ਼ੋਰਸ ਅਤੇ ਸ਼੍ਰੋਮਣੀ ਕਮੇਟੀ ਦੀ ਵੱਡੀ ਗਿਣਤੀ ਟਾਸਕ ਫ਼ੋਰਸ ਦੇ ਘੇਰੇ ਵਿਚ ਪਸ਼ਚਾਤਾਪ ਕਰ ਰਹੀਆਂ ਸੰਗਤਾਂ ਵਿਚ ਪਹੁੰਚੇ। ਸਿੱਖ ਸੰਗਤਾਂ ਵਿਚ ਪਹੁੰਚ ਕੇ ਭਾਵੇਂ ਬੀਬੀ ਜਗੀਰ ਕੌਰ ਵਲੋਂ ਦੋਸ਼ੀ ਵਿਅਕਤੀ ਵਿਰੁਧ ਸਖ਼ਤ ਕਾਰਵਾਈ ਕਰਵਾਉਣ ਦਾ ਭਰੋਸਾ ਦਿਤਾ ਗਿਆ ਪ੍ਰੰਤੂ ਰੋਸ ਕਰ ਰਹੀਆਂ ਸੰਗਤਾਂ ਉਨ੍ਹਾਂ ਵਲੋਂ ਦਿਤੇ ਭਰੋਸੇ ਨਾਲ ਸੰਤੁਸ਼ਟ ਨਹੀਂ ਹੋਈਆਂ। ਸੰਗਤਾਂ ਦੇ ਰੋਹ ਨੂੰ ਦੇਖਦਿਆਂ ਬੀਬੀ ਜਗੀਰ ਕੌਰ ਕਾਹਲੀ ਕਾਹਲੀ ਵਿਚ ਫ਼ਤਿਹ ਬੁਲਾ ਕੇ ਅਪਣੀ ਗੱਲ ਖ਼ਤਮ ਕਰਨ ਉਪਰੰਤ ਵਾਪਸ ਅਪਣੀਆਂ ਗੱਡੀਆਂ ਵਿਚ ਬੈਠ ਕੇ ਉਥੋਂ ਚਲੇ ਗਏ।