
ਅਕਾਲੀਆਂ ਦਾ ਕਮਜ਼ੋਰ ਪ੍ਰਤੀਕਰਮ
ਸਿੱਧੂ 2017 'ਚ ਅਪਣੀ ਹੀ ਸਰਕਾਰ ਵਲੋਂ ਸੋਧਿਆ ਹੋਇਆ ਏ ਪੀ ਐਮ ਸੀ ਐਕਟ ਰੱਦ ਕਰਵਾਉਣ ਦੀ ਦਲੇਰੀ ਦਿਖਾਵੇ
ਚੰਡੀਗੜ੍ਹ, 15 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਪੁਰਾਣੇ ਮੁੱਦੇ ਚੁੱਕ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤੇ ਚੁਣੌਤੀ ਦਿਤੀ ਕਿ ਜੇਕਰ ਉਹ ਕਿਸਾਨਾਂ ਦੀ ਮਦਦ ਵਾਸਤੇ ਸਚਮੁੱਚ ਸੰਜੀਦਾ ਹਨ ਤਾਂ ਫਿਰ ਉਹ ਅਪਣੀ ਹੀ ਸਰਕਾਰ ਵਲੋਂ 2017 ਵਿਚ ਸੋਧੇ ਗਏ ਏ ਪੀ ਐਮ ਸੀ ਐਕਟ ਨੂੰ ਰੱਦ ਕਰਵਾਉਣ ਦੀ ਦਲੇਰੀ ਦਿਖਾਵੇ | ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਵਲੋਂ ਅੱਜ ਕੀਤੀ ਗਈ ਬਿਆਨਬਾਜ਼ੀ ਦਰਸਾਉਂਦੀ ਹੈ ਕਿ ਉਹ ਮੁੱਖ ਮੰਤਰੀ 'ਤੇ ਹਾਵੀ ਹੋਣ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਯਕੀਨੀ ਬਣਾਉਣ ਵਾਸਤੇ ਕੁਝ ਵੀ ਕਰਨ ਦਾ ਇਰਾਦਾ ਨਹੀਂ ਹੈ |
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜਾਗ ਗਏ ਹਨ ਤੇ ਉਨ੍ਹਾਂ ਨੂੰ ਤਿੰਨ ਕਾਨੂੰਨਾਂ ਕਾਰਨ ਪੰਜਾਬ ਵਿਚ ਹੋ ਰਹੇ ਨੁਕਸਾਨ ਬਾਰੇ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਹੈ ਜਦੋਂ ਕਿ ਸੰਸਦ ਵਲੋਂ ਇਹ ਕਾਨੂੰਨ ਬਣਾਏ ਨੂੰ ਇਕ ਸਾਲ ਬੀਤ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਧੂ ਹੁਣ ਗੂੜ੍ਹੀ ਨੀਂਦ 'ਚੋਂ ਜਾਗ ਗਏ ਹਨ ਤੇ ਅਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਸਾਬਤ ਕਰਨ 'ਤੇ ਲੱਗੇ ਹਨ | ਹਾਲਾਂਕਿ ਉਨ੍ਹਾਂ ਪਿਛਲੇ ਇਕ ਸਾਲ ਵਿਚ ਇਸ ਮਾਮਲੇ ਵਿਚ ਕੁਝ ਵੀ ਨਹੀਂ ਕੀਤਾ | 2013 ਵਿਚ ਅਕਾਲੀ ਦਲ ਦੀ ਸਰਕਾਰ ਵਲੋਂ ਪਾਸ ਕੀਤੇ ਗਏ ਐਕਟ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਧੂ ਭੁੱਲ ਗਏ ਹਨ ਕਿ ਉਨ੍ਹਾਂ ਦੀ ਪਤਨੀ ਉਸ ਵੇਲੇ ਦੀ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਸੀ | ਉਨ੍ਹਾਂ ਕਿਹਾ ਕਿ ਸਿੱਧੂ ਪੁਰਾਣੀਆਂ ਫ਼ਾਈਲਾਂ ਖੋਲ੍ਹ ਕੇ ਐਕਟ ਪ੍ਰਤੀ ਕਾਂਗਰਸ ਪਾਰਟੀ ਦੇ ਹੁੰਗਾਰੇ ਨੂੰ ਵੇਖਣ ਵਿਚ ਨਾਕਾਮ ਰਹੇ ਹਨ |
ਉਨ੍ਹਾਂ ਨੇ ਸਿੱਧੂ ਨੂੰ ਇਹ ਵੀ ਕਿਹਾ ਕਿ, ਕੀ ਉਨ੍ਹਾਂ ਨੇ 2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਾਂ ਬਾਅਦ ਵਿਚ ਵੀ 2013 'ਤੇ ਬਣੇ ਐਕਟ 'ਤੇ ਇਤਰਾਜ਼ ਕੀਤਾ ਸੀ? ਉਨ੍ਹਾਂ ਕਿਹਾ ਕਿ ਹੁਣ ਜਦੋਂ ਚੋਣਾਂ ਸਿਰ 'ਤੇ ਆ ਗਈਆਂ ਹਨ ਤਾਂ ਤੁਸੀਂ ਅਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਇਹ ਮੁੱਦਾ ਚੁੱਕ ਰਹੇ ਹੋ | ਰਾਜਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਖ਼ਰਾਬੀ ਦੀ ਪਹਿਲ ਤਾਂ ਅਕਾਲੀਆਂ ਦੇ ਸਿਰ ਹੀ ਮੜ੍ਹੀ ਜਾਂਦੀ ਰਹੇਗੀ ਕਿਉਂਕਿ ਉਸ ਤੋਂ ਪਹਿਲਾ ਇਨ੍ਹਾਂ ਨੂੰ 'ਕਾਨੂੰਨ' ਬਣਾਉਣ ਦੀ ਕੋਸ਼ਿਸ਼ ਤਾਂ ਕਿਸੇ ਨੇ ਨਾ ਕੀਤੀ | ਡਬਲਿਊ.ਟੀ.ਓ. ਦਾ ਦਬਾਅ ਤੇ ਸਾਰੀਆਂ ਪਾਰਟੀਆਂ ਉਤੇ ਸੀ ਤੇ ਉਹ ਇਸ ਦਬਾਅ ਅੱਗੇ ਝਕਦੀਆਂ ਹੋਇਆਂ ਵੀ ਬਚਣ ਦਾ ਰਾਹ ਲਭਦੀਆਂ ਰਹੀਆਂ ਪਰ ਅਕਾਲੀ ਤੇ ਬੀਜੇਪੀ ਹੀ ਦੋ ਪਾਰਟੀਆਂ ਹਨ ਜੋ ਸਿੱਧਾ ਕਾਨੂੰਨ ਬਣਾਉਣ ਵਲ ਨਿਕਲ ਪਈਆਂ | ਪਹਿਲਾਂ ਅਕਾਲੀ ਦਲ ਤੇ ਫਿਰ ਬੀਜੇਪੀ |
ਐਸਏਐਸ-ਨਰਿੰਦਰ-15-4ਏ