
ਭਾਜਪਾ 'ਤੇ 'ਆਪ' ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ਾਂ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ : ਅਸ਼ਵਨੀ ਸ਼ਰਮਾ
ਭਾਜਪਾ ਦਾ ਵਫ਼ਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ
ਚੰਡੀਗੜ੍ਹ, 15 ਸਤੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ 'ਤੇ ਕਾਬਜ ਹੋਣ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ | ਇਸ ਕਾਰਨ ਹੁਣ ਆਮ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਰੋਸ ਹੈ | ਸੂਬੇ 'ਚ ਆਉਣ ਵਾਲੇ ਕੁੱਝ ਮਹੀਨਿਆਂ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਹਾਰ ਦੇ ਡਰੋਂ ਆਮ ਆਦਮੀ ਪਾਰਟੀ ਹੁਣ ਗ਼ਲਤ ਬਿਆਨਬਾਜ਼ੀ 'ਤੇ ਉਤਰ ਆਈ ਹੈ | ਇਸ ਕਾਰਨ ਹੁਣ 'ਆਪ' ਦੇ ਆਗੂ ਭਾਰਤੀ ਜਨਤਾ ਪਾਰਟੀ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ ਤੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਝੂਠ ਦਾ ਪੁਲੰਦਾ ਹੈ | ਇਹ ਗੱਲ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨ ਉਪਰੰਤ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਹੀ | ਇਸ ਦੇ ਨਾਲ ਹੀ ਪਾਰਟੀ ਨੇ ਇਸ ਸਬੰਧੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਵੀ ਸੌਂਪੀ ਹੈ |
ਸ਼ਰਮਾ ਨੇ ਕਿਹਾ ਕਿ 'ਆਪ' ਸਰਕਾਰ ਰਾਘਵ ਚੱਢਾ ਨੂੰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਕੇਜਰੀਵਾਲ ਸਾਰਾ ਢੌਂਗ ਰਚ ਰਿਹਾ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਰਾਜਪਾਲ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਇਸ ਦੀ ਅਫ਼ਸਰਸ਼ਾਹੀ 'ਤੇ ਬਿਲਕੁਲ ਵੀ ਭਰੋਸਾ ਨਹੀਂ ਹੈ | ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਇਸ
ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਉੱਚ ਪਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜਾਂਚ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ |
ਸ਼ਰਮਾ ਨੇ ਦਸਿਆ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵੀਡੀਉ ਵਾਇਰਲ ਹੋਈ ਸੀ | ਇਸ ਵਿਚ ਉਹ ਭਿ੍ਸ਼ਟਾਚਾਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ | ਇਸ ਤੋਂ ਸਾਫ਼ ਹੈ ਕਿ 'ਆਪ' 'ਚ ਕਿਸ ਤਰ੍ਹਾਂ ਭਿ੍ਸ਼ਟਾਚਾਰ ਚਲ ਰਿਹਾ ਹੈ ਅਤੇ ਪਾਰਟੀ ਸਿਰਫ਼ ਇਮਾਨਦਾਰੀ ਦਾ ਢੌਂਗ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਇਸ ਮਾਮਲੇ ਵਿਚ ਕਾਰਵਾਈ ਕਰਨਾ ਤਾਂ ਦੂਰ ਦੀ ਗੱਲ, ਜਾਂਚ ਵੀ ਸ਼ੁਰੂ ਨਹੀਂ ਕੀਤੀ | ਇਸ ਤੋਂ ਸਾਫ਼ ਹੈ ਕਿ 'ਆਪ' ਦੇ ਸਾਰੇ ਆਗੂ ਅੰਦਰਖਾਤੇ ਮੀਟਿੰਗ ਕਰ ਰਹੇ ਹਨ | ਅਸ਼ਵਨੀ ਸ਼ਰਮਾ ਨੇ ਰਾਜਪਾਲ ਕੋਲ ਇਸ ਮਾਮਲੇ ਦੀ ਸੀਬੀਆਈ ਤੋਂ ਉੱਚ ਪਧਰੀ ਜਾਂਚ ਕਰਵਾਉਣ ਦੀ ਮੰਗ ਉਠਾਈ | ਇਸ ਮੌਕੇ ਵਫ਼ਦ ਵਿਚ ਐਸਐਸ ਵਿਰਕ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ ਬਾਘਾ, ਜਸਰਾਜ ਸਿੰਘ ਆਦਿ ਹਾਜ਼ਰ ਸਨ |
ਇਸ ਖਬਰ ਦੇ ਨਾਲ ਫੋਟੋ ਭੇਜੀ ਜਾ ਰਹੀ ਹੈ ਜੀ