
'ਆਪ' ਦੇ ਵਿਧਾਇਕ ਖ਼ਰੀਦਣ ਦੇ ਦੋਸ਼ਾਂ ਦੀ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ : ਬਾਜਵਾ
ਚੰਡੀਗੜ੍ਹ, 15 ਸਤੰਬਰ (ਭੁੱਲਰ): ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦਾ ਸਾਰਾ ਨਾਟਕ 'ਆਪ੍ਰੇਸ਼ਨ ਲੋਟਸ' ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਕੋਸ਼ਿਸ਼ ਪ੍ਰਤੀਤ ਹੁੰਦਾ ਹੈ | ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਜ਼ਿਆਦਾਤਰ ਮੁੱਦਿਆਂ 'ਤੇ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਸੀ | ਭਗਵੰਤ ਮਾਨ ਦੇ ਵਿਦੇਸ਼ ਦੌਰੇ 'ਤੇ ਹੋਣ ਉਤੇ 'ਆਪ' ਨੇ 'ਆਪਰੇਸ਼ਨ ਲੋਟਸ' ਦੀ ਬੋਗੀ ਖੜੀ ਕਰਨ ਦਾ ਇਹੀ ਕਾਰਨ ਹੈ | ਨਹੀਂ ਤਾਂ 'ਆਪ' ਭਾਜਪਾ ਦੇ ਹਾਰਸ ਟ੍ਰੇਡਿੰਗ ਦੇ ਅਪਣੇ ਦਾਅਵਿਆਂ ਦੀ ਹਮਾਇਤ ਕਰਨ ਲਈ ਇਕ ਵੀ ਭਰੋਸੇਯੋਗ ਸਬੂਤ ਕਿਵੇਂ ਪੇਸ਼ ਨਹੀਂ ਕਰ ਸਕੀ |
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਖੰਡੀ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ਦਾ ਭਿ੍ਸ਼ਟਾਚਾਰ ਵਿਰੁਧ ਜ਼ੀਰੋ ਟੋਲਰੈਂਸ ਦਾ ਦਾਅਵਾ ਸਿਰਫ਼ ਪੰਜਾਬ ਦੇ ਵੋਟਰਾਂ ਨੂੰ ਰਾਜ ਵਿਚ ਸੱਤਾ ਹਾਸਲ ਕਰਨ ਲਈ ਮਨਾਉਣ ਲਈ ਇਕ ਖ਼ਾਲੀ ਬਿਆਨਬਾਜ਼ੀ ਹੈ | ਇਸ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵਿਰੁਧ ਸਿੱਧੀ ਕਾਰਵਾਈ ਕਰਨ ਦੀ ਬਜਾਏ ਸੋਸ਼ਲ ਮੀਡੀਆ 'ਤੇ ਇਕ ਆਡੀਉ ਕਲਿੱਪ ਜਾਰੀ ਹੋਣ ਤੋਂ ਬਾਅਦ, ਜਿਸ ਵਿਚ ਫ਼ੂਡ ਪ੍ਰੋਸੈਸਿੰਗ ਅਤੇ ਬਾਗ਼ਬਾਨੀ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਤਰਸੇਮ ਲਾਲ ਕਪੂਰ ਨੂੰ ਪੈਸਾ ਵਸੂਲਣ ਦੀਆਂ ਯੋਜਨਾਵਾਂ ਬਣਾਉਂਦੇ ਸੁਣਿਆ ਗਿਆ ਸੀ, ਨੂੰ 'ਆਪ' ਸੀਨੀਅਰ ਲੀਡਰਸ਼ਿਪ ਬੰਦ ਕਮਰਾ ਮੀਟਿੰਗਾਂ ਰਾਹੀਂ ਮਾਮਲੇ ਨੂੰ ਸੁਲਝਾਉਣ ਅਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ |
ਬੀ.ਐਮ.ਡਬਲਿਊ ਮੁੱਦੇ 'ਤੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਝੂਠ ਦਾ ਪਰਦਾਫ਼ਾਸ਼ ਕਰਨ ਵਾਲਾ ਬੀ.ਐਮ.ਡਬਲਿਊ ਦਾ ਅਧਿਕਾਰਤ ਬਿਆਨ ਨਾ ਸਿਰਫ਼ ਆਮ ਆਦਮੀ ਪਾਰਟੀ ਬਲਕਿ ਪੰਜਾਬ ਲਈ ਵੀ ਪੂਰੀ ਤਰ੍ਹਾਂ ਸ਼ਰਮਸਾਰ ਦਾ ਕਾਰਨ ਬਣ ਗਿਆ ਹੈ | ਝੂਠੇ ਬਿਆਨ ਲਈ ਮੁਆਫ਼ੀ ਮੰਗਣ ਦੀ ਬਜਾਏ ਪਾਰਟੀ ਲੀਡਰਸ਼ਿਪ ਇਸ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਫ਼ੌਜ ਵਿਚ ਭਰਤੀ ਕਰਨ ਦੀ ਅਗਨੀਪੱਥ ਸਕੀਮ ਬਾਰੇ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ | ਭਗਵੰਤ ਮਾਨ ਵਲੋਂ ਫ਼ੌਜ ਦੀ ਅਗਨੀਪਥ ਭਰਤੀ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਹਾਲ ਹੀ ਵਿਚ ਦਿਤਾ ਗਿਆ ਭਰੋਸਾ ਇਹ ਦਰਸਾਉਂਦਾ ਹੈ ਕਿ ਪਾਰਟੀ ਇਸ ਵਿਚ ਭਾਜਪਾ ਦਾ ਹਿੱਸਾ ਹੈ | ਅਗਨੀਪਥ ਯੋਜਨਾ ਦਾ 'ਆਪ' ਦਾ ਪਿਛਲਾ ਵਿਰੋਧ ਮਹਿਜ਼ ਅੱਖਾਂ ਦਾ ਧੋਖਾ ਸੀ |