
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਮਾਨ ਦਲ ਨੇ ਸ੍ਰੀ ਦਰਬਾਰ ਸਾਹਿਬ ਮਾਰਗ 'ਤੇ ਕਾਨਫ਼ਰੰਸ ਕਰਵਾਈ
ਚੋਣਾਂ ਨਾ ਹੋਣ ਦੇਣ ਲਈ ਮਾਨ ਨੇ ਬਾਦਲਾਂ ਤੇ ਮੋਦੀ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ
ਅੰਮਿ੍ਤਸਰ, 15 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ, ਸ੍ਰੀ ਦਰਬਾਰ ਸਾਹਿਬ ਮਾਰਗ 'ਤੇ ਕਾਨਫ਼ਰੰਸ ਕਰਵਾਈ ਗਈ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ- ਸਭਾ, ਸੀਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਹੋਰ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਸ ਮਹਾਨ ਸੰਸਥਾ ਅਤੇ ਸਿੱਖ ਸੰਸਦ ਦੀਆਂ ਚੋਣਾਂ ਨਾ ਹੋਣ ਦੇਣ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੋਦੀ ਸਰਕਾਰ ਜ਼ੁੰਮੇਵਾਰ ਹੈ |
ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ, 328 ਪਾਵਨ ਸਰੂਪ ਲਾਪਤਾ ਹੋਣ ਲਈ ਬਾਦਲ ਜ਼ੁੰਮੇਵਾਰ ਹਨ | ਉਨ੍ਹਾਂ ਪੰਥ ਵਿਚੋਂ ਛੇਕੇ ਸੌਦਾ-ਸਾਧ ਮਸਲੇ ਵਿਚ ਮਾਫ਼ੀ ਦਿਵਾਉਣ ਲਈ ਬਾਦਲਾਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਵਲੋਂ ਦਿਤੀ ਗਈ ਮਾਫ਼ੀ ਨੂੰ ਦਰੁਸਤ ਕਰਾਰ ਦੇਣ ਵਾਸਤੇ 92 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦਿਤੇ | ਭਾਰਤ-ਚੀਨ ਸਰਹੱਦੀ ਝਗੜੇ ਵਿਚ ਸਿੱਖ ਸੈਨਿਕ ਸ਼ਹੀਦ ਕਰਵਾਉਣ ਲਈ ਲੋਕ-ਸਭਾ ਮੈਂਬਰ ਮਾਨ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉੇਥੇ ਜਾਣ-ਬੁਝ ਕੇ ਸਿੱਖ ਸੈਨਿਕ ਲਾਏ ਜਾਂਦੇ ਹਨ | ਉਨ੍ਹਾਂ ਲੱਦਾਖ਼ ਦੇ ਅਤੀਤ ਤੇ ਵਰਤਮਾਨ ਸਥਿਤੀ ਦਾ ਮੁੱਦਾ ਵੀ ਉਠਾਇਆ | ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਪਾਰਟੀ ਬੁਲਾਰੇ ਹਰਬੀਰ ਸਿੰਘ ਸੰਧੂ ਨੇ ਹਿੰਦ-ਪਾਕਿ ਸਰਹੱਦ ਦੁਬਾਰਾ ਖੋਲ੍ਹਣ ਦੀ ਮੰਗ ਕਰਦਿਆ
ਕਿਹਾ ਕਿ ਆਜ਼ਾਦੀ ਤੋਂ ਕਰੀਬ 22 ਸਾਲ ਪਹਿਲਾਂ 1925 ਵਿਚ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਜਿਸ ਨਾਲ ਲੋਕਤੰਤਰ ਪ੍ਰਣਾਲੀ ਦਾ ਮੁੱਢ ਬੱਝਾ ਤੇ ਭਾਰਤ 1947 ਨੂੰ ਆਜ਼ਾਦ ਹੋਇਆ | ਭਾਰਤੀ ਲੋਕਤੰਤਰ ਪ੍ਰਣਾਲੀ ਦੀਆਂ ਚੋਣਾਂ ਲਗਾਤਾਰ ਪੰਜ ਸਾਲ ਬਾਅਦ ਹੋ ਰਹੀਆਂ ਹਨ ਪਰ ਸਿੱਖ ਸੰਸਦ ਦੀ ਚੋਣ ਰਾਜਸੀ ਸੋਚ ਨਾਲ ਹੋ ਰਹੀਆਂ ਹਨ | ਕੀ ਇਹ ਲੋਕਤੰਤਰ ਹੈ? ਸਿਮਰਨਜੀਤ ਸਿੰਘ ਮਾਨ ਦੇ ਫਰਜ਼ੰਦ ਇਮਾਨ ਸਿੰਘ ਮਾਨ, ਬਲਵਿੰਦਰ ਸਿੰਘ ਕਾਲਾ, ਮਾ.ਕਰਨੈਲ ਸਿੰਘ, ਬਲਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਾਦਲ, ਕੈਪਟਨ ਤੇ ਮੌਜੂਦਾ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ ਗਿਆ ਜੋ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਖਮੋਸ਼ ਰਹੀਆਂ |