
ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1500 ਨੇੜੇ, ਮਰਨ ਵਾਲਿਆਂ 'ਚ 530 ਬੱਚੇ
ਇਸਲਾਮਾਬਾਦ, 15 ਸਤੰਬਰ : ਪਾਕਿਸਤਾਨ ਵਿਚ ਆਏ ਭਿਆਨਕ ਹੜ੍ਹ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਡੁਬੋ ਦਿਤਾ ਹੈ | ਹੁਣ ਤਕ ਲਗਭਗ 1,500 ਲੋਕਾਂ ਦੀ ਜਾਨ ਜਾ ਚੁੱਕੀ ਹੈ | ਪਾਕਿਸਤਾਨ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਲਗਾਤਾਰ ਵੰਡੀ ਜਾ ਰਹੀ ਹੈ | ਅਧਿਕਾਰੀਆਂ ਨੇ ਤਬਾਹੀ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਲਈ ਰਾਹਤ ਕਾਰਜ ਤੇਜ਼ ਕਰ ਦਿਤੇ ਹਨ | ਪਾਕਿਸਤਾਨ ਵਿਚ ਰਿਕਾਰਡ ਮੌਨਸੂਨ ਮੀਂਹ ਅਤੇ ਉੱਤਰੀ ਪਹਾੜਾਂ ਵਿਚ ਗਲੇਸ਼ੀਅਰ ਪਿਘਲਣ ਕਾਰਨ 220 ਮਿਲੀਅਨ ਦੀ ਆਬਾਦੀ ਵਿਚੋਂ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ | ਹੜ੍ਹਾਂ ਕਾਰਨ ਘਰਾਂ, ਆਵਾਜਾਈ, ਫ਼ਸਲਾਂ ਅਤੇ ਪਸ਼ੂਧਨ ਨੂੰ 30 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ |
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 1,486 ਹੈ | ਇਨ੍ਹਾਂ ਵਿਚ ਕਰੀਬ 530 ਬੱਚੇ ਸ਼ਾਮਲ ਹਨ | ਇਸ ਦੇ ਨਾਲ ਹੀ ਹਜ਼ਾਰਾਂ ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ | ਪਿਛਲੇ ਕੁਝ ਹਫ਼ਤਿਆਂ ਵਿਚ ਅਧਿਕਾਰੀਆਂ ਨੇ ਹੜ੍ਹ ਦੇ ਪਾਣੀ ਨੂੰ ਵੱਡੇ ਢਾਂਚੇ ਜਿਵੇਂ ਕਿ ਪਾਵਰ ਸਟੇਸ਼ਨਾਂ ਅਤੇ ਘਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ | ਇਥੇ ਕਿਸਾਨਾਂ ਨੂੰ ਪਸ਼ੂਆਂ ਨੂੰ ਬਚਾਉਣ ਦਾ ਨਵਾਂ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪਸ਼ੂਆਂ ਲਈ ਚਾਰਾ ਖਤਮ ਹੋਣ ਲੱਗਾ ਹੈ | ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਹਾਲ ਹੀ ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ | ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕੀਤਾ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾਇਆ | ਗੁਟੇਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ | (ਏਜੰਸੀ)