
ਕੈਬਨਿਟ ਮੰਤਰੀ ਫ਼ੌਜਾ ਸਿੰਘ ਵਿਰੁਧ ਵਾਇਰਲ ਆਡੀਉ ਮਾਮਲੇ 'ਚ ਪਾਰਟੀ ਨੇ ਜਾਂਚ ਕੀਤੀ ਮੁਕੰਮਲ
ਚੰਡੀਗੜ੍ਹ, 15 ਸਤੰਬਰ (ਭੁੱਲਰ): ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਅਪਣੇ ਕਰੀਬੀ ਨਾਲ ਗੱਲਬਾਤ ਦੀ ਆਡਿਉ ਵਾਇਰਲ ਹੋਣ ਦੇ ਮਾਮਲੇ ਦੀ ਜਾਂਚ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਪੂਰੀ ਹੋ ਚੁੱਕੀ ਹੈ | ਜ਼ਿਕਰਯੋਗ ਹੈ ਕਿ ਇਹ ਆਡੀਉ ਕਥਿਤ ਸੌਦੇਬਾਜ਼ੀ ਦੇ ਸਬੰਧ ਵਿਚ ਸੀ | ਭਾਵੇਂ ਮੰਤਰੀ ਨੇ ਇਹ ਗੱਲ ਤਾਂ ਮੰਨੀ ਸੀ ਕਿ ਆਵਾਜ਼ ਤਾਂ ਉਨ੍ਹਾਂ ਦੀ ਹੈ ਪਰ ਨਾਲ ਹੀ ਪਾਰਟੀ ਹਾਈਕਮਾਨ ਨੂੰ ਦਿਤੇ ਸਪੱਸ਼ਟੀਕਰਨ ਵਿਚ ਕਿਹਾ ਸੀ ਕਿ ਆਵਾਜ਼ ਨਾਲ ਛੇੜਛਾੜ ਕਰ ਕੇ ਫ਼ਰਜ਼ੀ ਵੀਡੀਉ ਬਣਾਈ ਗਈ ਹੈ | ਪਰ ਇਸ ਤੋਂ ਬਾਅਦ ਆਡੀਉ ਵਿਚ ਮੰਤਰੀ ਨਾਲ ਗੱਲਬਾਤ ਕਰ ਰਹੇ ਉਨ੍ਹਾਂ ਦੇ ਨਜ਼ਦੀਕੀ ਤਰਸੇਮ ਲਾਲ ਕਪੂਰ ਨੇ ਮੀਡੀਆ ਵਿਚ ਆ ਕੇ ਕਿਹਾ ਸੀ ਕਿ ਆਡੀਉ ਬਿਲਕੁਲ ਸਹੀ ਅਤੇ ਇਸ ਦੀ ਕਿਤੇ ਵੀ ਜਾਂਚ ਕਰਵਾਈ ਜਾਵੇ | ਇਸ ਤੋਂ ਬਾਅਦ 'ਆਪ' ਹਾਈਕਮਾਨ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਸੀ |
ਮਿਲੀ ਜਾਣਕਾਰੀ ਮੁਤਾਬਕ ਰਾਘਵ ਚੱਢਾ ਨੇ ਖ਼ੁਦ ਸਰਾਰੀ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ | ਤਰਸੇਮ ਲਾਲ ਕਪੂਰ ਦਾ ਵੀ ਪੱਖ ਲਿਆ ਗਿਆ ਹੈ | ਜਾਂਚ ਦੌਰਾਨ ਵਾਇਰਲ ਆਡੀਉ ਦੀ ਪ੍ਰਮਾਣਿਕਤਾ ਦਾ ਵੀ ਪਤਾ ਲਗਾਇਆ ਗਿਆ ਹੈ | ਹੁਣ ਇਸ ਬਾਰੇ ਅੰਤਮ ਫ਼ੈਸਲਾ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਹੀ ਲੈਣਗੇ | ਹੁਣ ਭਗਵੰਤ ਮਾਨ ਦੀ ਵਿਦੇਸ਼ ਤੋਂ ਵਾਪਸੀ ਦੀ ਉਡੀਕ ਹੈ ਅਤੇ ਐਤਵਾਰ ਨੂੰ ਉਨ੍ਹਾਂ ਦੀ ਵਾਪਸੀ ਬਾਅਦ ਫ਼ੈਸਲਾ ਹੋਵੇਗਾ | ਮੰਤਰੀ ਸਰਾਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਪਾਰਟੀ ਦਾ ਫ਼ੈਸਲਾ ਮੰਜ਼ੂਰ ਹੋਵੇਗਾ |