
ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਨੌਜਵਾਨ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ
ਮੋਗਾ : ਪੰਜਾਬ ਦੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ 25 ਸਾਲਾ ਬੂਟਾ ਸਿੰਘ ਇਕ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਬੂਟਾ ਸਿੰਘ ਰੂਸੀ ਫੌਜ ਦੀ ਵਰਦੀ ਵਿਚ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਨਾਲ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਕੁੱਝ ਹੋਰ ਭਾਰਤੀ ਨੌਜਵਾਨ ਵੀ ਨਜ਼ਰ ਆ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਸਾਨੂੰ ਇਥੋਂ ਕੱਢਿਆ ਜਾਵੇਗਾ।
ਵਾਇਰਲ ਵੀਡੀਓ ’ਚ ਬੂਟਾ ਸਿੰਘ ਆਖ ਰਿਹਾ ਹੈ ਕਿ ਅਸੀਂ ਸਟੂਡੈਂਟ ਵੀਜ਼ੇ ’ਤੇ ਮਾਸਕੋ ਆਏ ਸੀ ਅਤੇ ਅਸੀਂ ਰਸ਼ੀਅਨ ਆਰਮੀ ’ਚ ਫਸ ਗਏ ਹਨ। ਸਾਨੂੰ ਧੱਕੇ ਨਾਲ ਗੰਨਾ ਫੜਾ ਦਿੱਤੀਆਂ ਗਈਆਂ ਹਨ ਅਤੇ ਸਾਨੂੰ ਖਾਣਾ ਖਾਣ ਲਈ ਵੀ ਨਹੀਂ ਦਿੱਤਾ ਜਾਂਦਾ। ਜਦਕਿ ਦੂਜਾ ਨੌਜਵਾਨ ਆਖ ਰਿਹਾ ਹੈ ਕਿ ਸਾਡੀ ਜਾਨ ਨੂੰ ਇਥੇ ਬਹੁਤ ਖਤਰਾ ਹੈ ਅਸੀਂ 15 ਨੌਜਵਾਨ ਇਥੇ ਆਏ ਸੀ ਜਿਨ੍ਹਾਂ ’ਚੋਂ 5-6 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5-6 ਨੌਜਵਾਨਾਂ ਨੂੰ ਲੜਾਈ ਲਈ ਭੇਜ ਦਿੱਤਾ ਗਿਆ ਹੈ।
ਪਰਿਵਾਰ ਦੇ ਦੱਸਣ ਅਨੁਸਾਰ ਬੂਟਾ ਸਿੰਘ 2024 ’ਚ ਦਿੱਲੀ ਦੇ ਏਜੰਟ ਰਾਹੀਂ ਰੂਸ ਗਿਆ। ਉਥੇ ਉਨ੍ਹਾਂ ਦਾ ਸੰਪਰਕ ਇਕ ਔਰਤ ਨਾਲ ਹੋਇਆ ਜਿਸ ਨੇ ਉਸ ਨੂੰ ਧੋਖੇ ਨਾਲ ਰੂਸੀ ਆਰਮੀ ਵਿਚ ਭੇਜ ਦਿੱਤਾ। ਹੁਣ ਉਨ੍ਹਾਂ ਨੂੰ ਯੂਕਰੇਨ ਜੰਗ ਲਈ ਭੇਜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਤੋਂ ਬਾਅਦ ਪਰਿਵਾਰ ਕਾਫ਼ੀ ਚਿੰਤਤ ਨਜ਼ਰ ਆ ਰਿਹਾ ਹੈ। ਵੀਡੀਓ ਅਨੁਸਾਰ ਬੂਟਾ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਪਰਿਵਾਰ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।