
ਪੰਜਾਬ ’ਚ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰ ਨਹੀਂ ਬਣਵਾ ਸਕਣਗੇ ਆਧਾਰ ਕਾਰਡ ਅਤੇ ਵੋਟਰ ਕਾਰਡ
ਚੰਡੀਗੜ੍ਹ : ਹੁਸ਼ਿਆਰਪੁਰ ’ਚ ਵਾਪਰੀ ਘਟਨਾ ਤੋਂ ਬਾਅਦ ਸਮੁੱਚੇ ਪੰਜਾਬ ਅੰਦਰ ਪਰਵਾਸੀ ਮਜ਼ਦੂਰਾਂ ਖਿਲਾਫ਼ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਰਵਾਸੀ ਮਜ਼ਦੂਰਾਂ ਖਿਲਾਫ਼ ਮਤੇ ਪਾਏ ਜਾ ਰਹੇ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਵੱਲੋਂ ਕਾਨੂੰਨੀ ਰਾਹ ਕੱਢਦਿਆਂ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ’ਚ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਸਬੰਧੀ ਤਸਦੀਕ ਨਹੀਂ ਕੀਤਾ ਜਾਵੇਗਾ। ਯਾਨੀ ਕਿ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦਾ ਪੰਜਾਬ ਅੰਦਰ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣ ਸਕੇਗਾ। ਇਹ ਫ਼ੈਸਲਾ ਕਿਸੇ ਕਾਨੂੰਨੀ ਪੱਖ ਤੋਂ ਨਹੀਂ ਲਿਆ ਗਿਆ ਬਲਕਿ ਪੰਚਾਇਤਾਂ ਅਤੇ ਨਗਰ ਕੌਂਸਲਾਂ ਵੱਲੋਂ ਕੀਤਾ ਗਿਆ ਹੈ। ਇਕ ਪਾਸੇ ਤੋਂ ਇਹ ਫ਼ੈਸਲਾ ਕਾਫ਼ੀ ਹੱਦ ਤੱਕ ਠੀਕ ਵੀ ਜਾਪਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਜਾਣਦੇ ਹੀ ਨਹੀਂ ਉਸ ਬਾਰੇ ਅਸੀਂ ਤਸਦੀਕ ਕਿਵੇਂ ਕਰ ਸਕਦੇ ਹਾਂ। ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਹੁੰਦਾ ਰਿਹਾ ਹੈ ਚਾਹੇ ਉਹ ਰਾਜਨੀਤਿਕ ਲੀਡਰਾਂ ਨੇ ਆਪਣੀਆਂ ਜੇਬਾਂ ਭਰਨ ਲਈ ਕੀਤਾ ਹੋਵੇ, ਚਾਹੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੋਵੇ। ਕਿਉਂਕਿ ਪੰਜਾਬ ਅੰਦਰ ਦੂਜੇ ਸੂਬਿਆਂ ਤੋਂ ਆਏ ਵੱਡੀ ਗਿਣਤੀ ਪਰਵਾਸੀ ਮਜ਼ਦੂਰ ਇਥੋਂ ਦੇ ਪੱਕੇ ਵਾਸ਼ਿੰਦੇ ਬਣ ਚੁੱਕੇ ਹਨ, ਉਨ੍ਹਾਂ ਕੋਲ ਪੰਜਾਬ ਦੇ ਪਤੇ ਵਾਲੇ ਆਧਾਰ ਕਾਰਡ ਅਤੇ ਵੋਟਰ ਕਾਰਡ ਵੀ ਹਨ। ਪਰ ਹੁਣ ਇਸ ਤਰ੍ਹਾਂ ਨਹੀਂ ਹੋ ਸਕੇਗਾ ਕਿਉਂਕਿ ਜੇਕਰ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਕਿਸੇ ਵੱਲੋਂ ਤਸਦੀਕ ਹੀ ਨਹੀਂ ਕੀਤਾ ਜਾਵੇਗਾ, ਫਿਰ ਉਸ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣ ਸਕੇਗਾ। ਇਸ ਤੋਂ ਪਹਿਲਾਂ ਵੀ ਕਈ ਵਾਰ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਈ ਫ਼ੈਸਲੇ ਲਏ ਗਏ ਸਨ ਪਰ ਹਮੇਸ਼ਾ ਹੀ ਇਨ੍ਹਾਂ ਫ਼ੈਸਲਿਆਂ ਦੇ ਰਾਹ ਵਿਚ ਕਾਨੂੰਨੀ ਅੜਚਨ ਆਉਂਦੀ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਜਾਣ ਤੋਂ ਰੋਕ ਨਹੀਂ ਸਕਦੇ। ਕਿਉਂਕਿ ਭਾਰਤੀ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦਾ ਅਤੇ ਨਾ ਹੀ ਅਜਿਹਾ ਫ਼ੈਸਲਾ ਇਨਸਾਨੀਅਤ ਦੇ ਨਾਤੇ ਠੀਕ ਹੋਵੇਗਾ। ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਖਤਰਾ ਸਾਹਮਣੇ ਆਉਂਦਾ ਹੈ ਤਾਂ ਅਸੀਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਨਹੀਂ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਜੇਕਰ ਅਸੀਂ ਇਸ ਰਾਹ ’ਤੇ ਤੁਰ ਪਏ ਕਿ ਅਸੀਂ ਇਥੇ ਕਿਸੇ ਨੂੰ ਰਹਿਣ ਨਹੀਂ ਦੇਣਾ ਤਾਂ ਇਸ ਦਾ ਨੁਕਸਾਨ ਪੰਜਾਬੀਆਂ ਨੂੰ ਵੀ ਹੋਵੇਗਾ ਕਿਉਂਕਿ ਵਿਦੇਸ਼ਾਂ ਤੋਂ ਲੈ ਕੇ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਪੰਜਾਬੀਆਂ ਦੇ ਕਾਰੋਬਾਰ ਵੀ ਵੱਡੇ ਪੱਧਰ ’ਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਆਪਸ ਵਿਚ ਇਕ-ਦੂਜੇ ਖਿਲਾਫ਼ ਦੂਰੀਆਂ ਅਤੇ ਗੁੱਸਾ ਪੈਸਾ ਹੁੰਦਾ ਹੈ ਤਾਂ ਉਸ ਦਾ ਨੁਕਸਾਨ ਵੀ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਦਾ ਹੈ। ਵਿਦੇਸ਼ਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ਾਂ ’ਚ ਵੀ ਪਰਵਾਸੀਆਂ ਦੇ ਖਿਲਾਫ਼ ਵੱਡੀ ਪੱਧਰ ’ਤੇ ਪ੍ਰਦਰਸ਼ਨ ਹੋ ਰਹੇ ਹਨ। ਸਮਝਿਆ ਜਾ ਸਕਦਾ ਹੈ ਕਿ ਅਬਾਦੀ ਜ਼ਿਆਦਾ ਹੈ ਅਤੇ ਕੰਮਕਾਰ ਘੱਟ ਹਨ ਜਿਸ ਦੇ ਚਲਦਿਆਂ ਲੋਕ ਇਕ-ਦੂਜੀ ਥਾਂ ’ਤੇ ਜਾਂਦੇ ਅਤੇ ਉਥੋਂ ਦੇ ਸਥਾਨਕ ਲੋਕ ਪ੍ਰਭਾਵਿਤ ਜ਼ਰੂਰ ਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕਰਨ ਸਬੰਧੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਮਾੜਾ ਨਹੀਂ ਹੁੰਦਾ। ਜੇਕਰ ਕੋਈ ਇਕ ਵਿਅਕਤੀ ਮਾੜਾ ਹੈ ਤਾਂ ਸਾਰਿਆਂ ਨੂੰ ਉਸ ਨਾਲ ਨਹੀਂ ਜੋੜਿਆ ਜਾ ਸਕਦਾ। ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ ਅਤੇ ਗਲਤ ਵਿਅਕਤੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।