
ਖੇਤੀ ਕਾਨੂੰਨਾਂ ਦੇ ਹੱਕ ਵਿਚ ਭਾਜਪਾ ਦੀ ਪੰਜਾਬ ਵਿਚ ਵਰਚੂਅਲ ਪ੍ਰੈੱਸ ਕਾਨਫਰੰਸ
ਲੁਧਿਆਣਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ 'ਤੇ ਪੰਜਾਬ ਵਿਚ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਵਰਚੂਅਲ ਪ੍ਰੈੱਸ ਕਾਨਫਰੰਸ ਅਯੋਜਤ ਕੀਤੀ ਗਈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸਿਆ।
PM Modi
ਇਸ ਮੌਕੇ ਅਨੁਰਾਗ ਠਾਕੁਰ ਨੇ ਪੰਜਾਬੀ ਵਿਚ ਸੰਬੋਧਨ ਕੀਤਾ। ਉਹਨਾਂ ਕਿਹਾ ਕਿ 2014 ਵਿਚ ਜਦੋਂ ਦੀ ਮੋਦੀ ਸਰਕਾਰ ਆਈ। ਉਦੋਂ ਤੋਂ ਸਾਬਿਤ ਹੋਇਆ ਹੈ ਕਿ ਮੋਦੀ ਕਿਸਾਨ ਹਿਤੈਸ਼ੀ ਹਨ। ਖੇਤੀਬਾੜੀ ਮੰਤਰਾਲੇ ਦਾ ਨਾਂਅ ਬਦਲ ਕੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਰੱਖ ਦਿੱਤਾ ਗਿਆ, ਪੀਐਮ ਮੋਦੀ ਨੇ ਅਜਿਹਾ ਕਰਕੇ ਸੋਚ ਹੀ ਬਦਲ ਦਿੱਤੀ।
Anurag Thakur
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦਾ ਬਜਟ ਵੀ ਵਧਾਇਆ। ਉਹਨਾਂ ਕਿਹਾ ਕਿ ਕਾਂਗਰਸ ਨੇ ਸਵਾਮੀਨਾਥਨ ਦੀ ਰਿਪੋਰਟ 'ਤੇ ਕੋਈ ਵਿਚਾਰ ਨਹੀਂ ਕੀਤਾ ਕਿਉਂਕਿ ਉਸ ਵਿਚ ਕਿਸਾਨਾਂ ਦੀ ਭਲਾਈ ਦੀ ਗੱਲ ਸੀ। ਭਾਜਪਾ ਸਰਕਾਰ ਆਈ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਈ। ਉਹਨਾਂ ਨੇ ਕਿਹਾ ਕਿ ਘੱਟੋ-ਘੱਟ ਖਰੀਦ ਮੁੱਲ ਵੀ ਭਾਜਪਾ ਨੇ ਹੀ ਦੇਣ ਦਾ ਐਲਾਨ ਕੀਤਾ ਸੀ।
Congress
ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੋਦੀ ਸਰਕਾਰ ਨੇ ਕਿਸਾਨਾਂ ਨੂੰ 96 ਹਜ਼ਾਰ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਮੋਦੀ ਸਰਕਾਰ ਨੇ ਪਿਛਲੇ ਡੇਢ ਸਾਲਾਂ ਵਿਚ ਕਿਸਾਨਾਂ ਦੇ ਖਾਤੇ ਵਿਚ 95 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੈਸੇ ਪਾਏ। ਉਹਨਾਂ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜਿਹਾ ਅੰਕੜਾ ਜਾਂ ਨਵੇਂ ਖੇਤੀ ਕਾਨੂੰਨ ਵਿਚੋਂ ਕੋਈ ਅਜਿਹੀ ਗੱਲ ਕੱਢ ਕੇ ਦੱਸੇ, ਜਿਸ ਵਿਚ ਕਿਸਾਨਾਂ ਦਾ ਫਾਇਦਾ ਨਾ ਹੋਵੇ।
PM Modi
ਉਹਨਾਂ ਕਿਹਾ ਕਿ 72 ਸਾਲਾਂ ਦੇ ਰਿਕਾਰਡ ਵਿਚ ਇਕ ਵੀ ਸਾਲ ਅਜਿਹਾ ਨਹੀਂ ਆਇਆ ਜਦੋਂ ਕਾਂਗਰਸ ਨੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਏ ਹੋਣ। ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾ ਕੇ ਦਿਖਾਵੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਮਕਸਦ ਸਿਰਫ਼ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ।
Farmer
ਅਨੁਰਾਗ ਠਾਕੁਰ ਨੇ ਕਿਹਾ ਕਿ ਹੋਰ ਰਾਜਨੀਤਕ ਪਾਰਟੀਆਂ ਦਾ ਮਕਸਦ 2022 ਦੀ ਚੋਣ ਜਿੱਤਣ ਲਈ ਗੁੰਮਰਾਹਕੁੰਨ ਪ੍ਰਚਾਰ ਕਰਨਾ ਹੈ, ਜਦਕਿ ਨਰਿੰਦਰ ਮੋਦੀ ਸਰਕਾਰ ਦਾ ਮਕਸਦ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਸਿਰਫ਼ ਚੋਣਾਂ ਦਿਖ ਰਹੀਆਂ ਜਦਕਿ ਪੀਐਮ ਮੋਦੀ ਨੂੰ ਕਿਸਾਨਾਂ ਦੀ ਭਲਾਈ ਦਿਖਾਈ ਦੇ ਰਹੀ ਹੈ।
Captain Amarinder Singh
ਉਹਨਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਪਰ ਅੱਜ ਤੱਕ ਕਰਜ਼ਾ ਮਾਫ ਨਹੀਂ ਹੋਇਆ। ਉਹਨਾਂ ਕਿਹਾ ਕਿ ਕਾਂਗਰਸੀ ਸਿਰਫ਼ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਦੇ ਨੇ ਤੇ ਬਾਅਦ ਵਿਚ ਮੁਕਰ ਜਾਂਦੇ ਹਨ। ਉਹਨਾਂ ਕਿਹਾ ਕਿ ਕਿਸਾਨ ਦੀ ਜ਼ਮੀਨ ਕਿਸਾਨ ਦੀ ਹੀ ਰਹੇਗੀ, ਸਿਰਫ਼ ਫਸਲ ਦਾ ਠੇਕਾ ਹੋਵੇਗਾ।