
ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਬਾਵਜੂਦ ਵੀ ਪੰਜਾਬ ਵਿਚ ਨਹੀਂ ਖੁਲ੍ਹਣਗੇ ਸਿਨੇਮਾ ਹਾਲ
ਚੰਡੀਗੜ੍ਹ, 15 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਨੇ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਆਗਿਆ ਦੇ ਦਿਤੀ ਹੈ। ਇਸ ਦੇ ਨਾਲ ਹੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਿਨੇਮਾਹਾਲ ਜਾਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਪਰ ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿਨੇਮਾ ਹਾਲ, ਮਲਟੀਪਲੈਕਸ, ਮਨੋਰੰਜਨ ਪਾਰਕ ਆਦਿ ਨਹੀਂ ਖੋਲ੍ਹੇ ਜਾਣਗੇ।
ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇਣ ਦੇ ਬਾਵਜੂਬ ਵੀ ਪੰਜਾਬ ਵਿਚ ਸਿਨੇਮਾ ਹਾਲ ਜਾਂ ਮਨੋਰੰਜਨ ਪਾਰਕ ਵਗੈਰਾ ਨਹੀਂ ਖੋਲ੍ਹੇ ਜਾ ਰਹੇ ਹਨ। ਹਾਲਾਂਕਿ ਦੁਸਹਿਰੇ ਦੀ ਰਾਮਲੀਲਾ ਮਨਾਉਣ ਦੀ ਮਨਜ਼ੂਰੀ ਦਿਤੀ ਗਈ ਹੈ ਪਰ ਉਸ ਵਿਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਅੱਜ ਦੇ ਦਿਨ ਹੀ ਨਰਿੰਦਰ ਮੋਦੀ ਦੀ ਬਾਇਓਪਿਕ ਵੀ ਰਿਲੀਜ਼ ਹੋਣੀ ਸੀ। ਸਿਨੇਮਾ ਹਾਲ ਖੁਲ੍ਹਣ ਤੋਂ ਬਾਅਦ ਇਹ ਪਹਿਲੀ ਫ਼ਿਲਮ ਰਿਲੀਜ਼ ਹੋਣੀ ਸੀ। ਪੰਜਾਬ ਦੇ ਸਿਨੇਮਾ ਹਾਲ ਦੇ ਮੈਨੇਜਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੰਜਾਬ ਸਰਕਾਰ ਵਲੋਂ ਕੋਈ ਵੀ ਆਰਡਰ ਨਹੀਂ ਆਇਆ ਕਿ ਸਿਨੇਮਾ ਹਾਲ ਖੋਲ੍ਹੇ ਜਾਣ ਜਾਂ ਨਾ ਤੇ ਡਿਸਟੀਬਿਊਟਰਾਂ ਵਲੋਂ ਉਨ੍ਹਾਂ ਨੂੰ ਪੁਰਾਣੀਆਂ ਫਿਲਮਾਂ ਨਾਲ ਸਿਨੇਮਾ ਹਾਲ ਖੋਲ੍ਹਣ ਲਈ ਕਿਹਾ ਜਾ ਰਿਹਾ ਹੈ ਤੇ ਕੋਰੋਨਾ ਸੰਕਟ ਦੌਰਾਨ ਵੀ ਸਰਕਾਰ ਨੇ ਸਾਨੂੰ ਕੋਈ ਰਾਹਤ ਨਹੀਂ ਦਿਤੀ ਤੇ ਹੁਣ ਅਜੇ ਤਕ ਸਰਕਾਰ ਨੇ ਕੋਈ ਵੀ ਆਰਡਰ ਨਹੀਂ ਦਿਤੇ ਗਏ।