
ਵਿਰੋਧੀ ਧਿਰਾਂ ਅਪਣੀ ਸਿਆਸੀ ਹੋਂਦ ਬਚਾਉਣ ਲਈ ਕਰ ਰਹੀਆਂ ਹਨ ਡਰਾਮੇ : ਸਮ੍ਰਿਤੀ ਇਰਾਨੀ
ਬਠਿੰਡਾ, 15 ਅਕਤੂਬਰ (ਸੁਖਜਿੰਦਰ ਮਾਨ) : ਕੇਂਦਰੀ ਟੈਕਸਟਾਈਲ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਖੇਤੀ ਬਿਲਾਂ ਨੂੰ ਕਿਸਾਨੀ ਲਈ ਰਾਮਬਾਣ ਕਰਾਰ ਦਿੰਦਿਆਂ ਵਿਰੋਧੀ ਧਿਰਾਂ 'ਤੇ ਅਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਡਰਾਮੇ ਕਰਨ ਦਾ ਦੋਸ਼ ਲਗਾਇਆ ਹੈ। ਬੀਤੇ ਕਲ ਦਿੱਲੀ 'ਚ ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਸਥਾਨਕ ਇਕ ਹੋਟਲ ਵਿਚ ਤਕੜੀ ਪੁਲਿਸ ਸੁਰੱਖਿਆ ਹੇਠ ਭਾਜਪਾ ਆਗੂਆਂ ਵਲੋਂ ਕਰਵਾਈ ਵਰਚੂਅਲ ਪੱਤਰਕਾਰ ਵਾਰਤਾ ਦੌਰਾਨ ਸ੍ਰੀਮਤੀ ਇਰਾਨੀ ਨੇ ਖ਼ੁਦ ਨੂੰ ਪੰਜਾਬ ਦੀ ਧੀ ਦਸਦਿਆਂ ਦਾਅਵਾ ਕੀਤਾ ਕਿ ''ਇਨ੍ਹਾਂ ਬਿਲਾਂ ਦੇ ਲਾਗੂ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਉਪਰ ਕੋਈ ਅਸਰ ਨਹੀਂ ਪਏਗਾ।''
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਰਾਸ਼ਟਰੀ ਬੁਲਾਰੇ ਸਬੰਧਤ ਪਾਤਰਾ ਅਤੇ ਆਰ.ਪੀ. ਸਿੰਘ ਦੀ ਹਾਜ਼ਰੀ ਵਿਚ ਸਮ੍ਰਿਤੀ ਈਰਾਨੀ ਨੇ ਕਿਸਾਨਾਂ ਨਾਲ ਗੱਲਬਾਤ ਜਾਰੀ ਰੱਖਣ ਦਾ ਭਰੋਸਾ ਦਿੰਦਿਆਂ ਇਹ ਵੀ ਸਫ਼ਾਈ ਦਿਤੀ ਕਿ ਬੀਤੇ ਕਲ ਦੀ ਮੀਟਿੰਗ ਪਹਿਲਾਂ ਤੋਂ ਹੀ ਖੇਤੀ ਸਕੱਤਰ ਨਾਲ ਤੈਅ ਸੀ, ਜਿਸ ਦੇ ਚਲਦੇ ਇਸ ਵਿਚ ਮੰਤਰੀ ਨਹੀਂ ਪੁੱਜੇ ਹੋਏ ਸਨ। ਉਨ੍ਹਾਂ ਕਾਂਗਰਸ ਪਾਰਟੀ 'ਤੇ ਤੰਜ਼ ਕਸਦਿਆਂ ਕਿਹਾ ਕਿ ''ਰਾਹੁਲ ਗਾਂਧੀ ਹੁਣ ਪੰਜਾਬ 'ਚ ਟਰੈਕਟਰ ਦੇ ਸੋਫ਼ੇ ਵਾਲੀ ਸੀਟ 'ਤੇ ਬੈਠ ਕੇ ਸਿਆਸੀ ਡਰਾਮੇ ਕਰ ਰਹੇ ਹਨ ਜਦਕਿ ਸੰਸਦ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਯੁਵਰਾਜ ਰਾਹੁਲ ਗਾਂਧੀ ਗ਼ੈਰ ਹਾਜ਼ਰ ਰਹੇ।''
ਉਨ੍ਹਾਂ ਮੋਦੀ ਸਰਕਾਰ ਵਲੋਂ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਭਰੋਸੇ ਨੂੰ ਮੁੜ ਦੁਹਰਾਉਂਦਿਆਂ ਦਾਅਵਾ ਕੀਤਾ ਕਿ ਇਹ ਖੇਤੀ ਬਿੱਲ ਕਿਸਾਨਾਂ ਦੇ ਹੱਕ ਵਿਚ ਹਨ ਤੇ ਕਿਸਾਨ ਅਪਣੀ ਫ਼ਸਲ ਦੇਸ ਭਰ ਵਿਚ ਕਿਤੇ ਵੀ ਵੇਚ ਸਕਦੇ ਹਨ। ਉਨ੍ਹਾਂ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਅਰਬਾਂ ਰੁਪਏ ਦੇ ਪੈਕੇਜ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ ਹੈ, ਪਰ ਕਾਂਗਰਸ ਸਾਜਸ਼ ਤਹਿਤ ਵਿਰੋਧ ਕਰ ਰਹੀ ਹੈ।
ਕੇਂਦਰੀ ਮੰਤਰੀ ਨੇ ਇਨ੍ਹਾਂ ਨਵੇਂ ਕਾਨੂੰਨਾਂ ਤਹਿਤ ਮੰਡੀਕਰਨ ਸਿਸਟਮ ਵਿਚ ਕੋਈ ਛੇੜਛਾੜ ਨਾ ਹੋਣ ਦਾ ਵਿਸ਼ਵਾਸ ਦਿਵਾਉਂਦਿਆਂ ਕਾਂਗਰਸ ਪਾਰਟੀ ਉਪਰ ਦੋਸ਼ ਲਗਾਇਆ ਕਿ 2019 ਦੇ ਚੋਣ ਮਨੋਰਥ ਪੱਤਰ ਵਿਚ ਖੇਤੀਬਾੜੀ ਉਪਜ ਮਾਰਕੀਟ ਕਮੇਟੀ ਐਕਟ ਨੂੰ ਰੱਦ ਕਰਨ ਦਾ ਲਿਖਤ ਐਲਾਨ ਕੀਤਾ ਹੋਇਆ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੰਜਾਬ ਵਿਚ ਭਾਜਪਾ ਵਰਕਰਾਂ 'ਤੇ ਹੋ ਰਹੇ ਹਮਲਿਆਂ ਦੀ ਸਖਤ ਨਿੰਦਾ ਕੀਤੀ।
ਸ੍ਰੀਮਤੀ ਇਰਾਨੀ ਨੇ ਇਕ ਸਵਾਲ ਦੇ ਜਵਾਬ ਵਿਚ ਪੰਜਾਬ ਸਰਕਾਰ ਵਲੋਂ 19 ਅਕਤੂਬਰ ਦੇ ਵਿਧਾਨ ਸਭਾ ਸੈਸਨ 'ਚ ਖੇਤੀ ਬਿੱਲਾਂ ਨੂੰ ਰੱਦ ਕਰਨ ਸਬੰਧੀ ਚੱਲ ਰਹੀ ਚਰਚਾ 'ਤੇ ਟਿਪਣੀ ਕਰਦਿਆਂ ਕਿਹਾ ਕਿ ਅਜਿਹਾ ਕਰ ਕੇ ਕਾਂਗਰਸ ਸੰਸਦ ਦੇ ਸਨਮਾਨ ਨੂੰ ਠੇਸ ਪਹੁੰਚਾਏਗੀ। ਹਾਲਾਂਕਿ ਉਨ੍ਹਾਂ ਅਪਣੀ ਸਾਬਕਾ ਭਾਈਵਾਲ ਅਕਾਲੀ ਦਲ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਕੂੜ ਆਦਮੀਆਂ ਦੇ ਸਮੂਹ ਦੇ ਹਮਲੇ 'ਤੇ ਬੋਲਦਿਆਂ ਤਰੁਣ ਚੁੱਘ ਨੇ ਕਿਹਾ ਕਿ ਸ਼ਰਮਾ ਦੀ ਗੱਡੀ ਦੇ ਸ਼ੀਸ਼ੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਹਮਲੇ ਦਾ ਦਾਅਵਾ ਕਾਂਗਰਸ ਪਾਰਟੀ ਦੇ ਖੇਤਰੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਦੌੜ ਲੱਗੀ ਹੋਈ ਹੈ।
ਇਸ ਮੌਕੇ ਪਾਰਟੀ ਦੇ ਸੂਬਾ ਉਪ ਪ੍ਰਧਾਨ ਦਿਆਲ ਸਿੰਘ ਸੋਢੀ, ਸਕੱਤਰ ਸੁਨੀਤਾ ਗਰਗ, ਬੁਲਾਰੇ ਅਸ਼ੋਕ ਭਾਰਤੀ, ਸ਼ਹਿਰੀ ਪ੍ਰਧਾਨ ਵਿਨੋਦ ਬਿੰਟਾ, ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਪ੍ਰਿਤਪਾਲ ਸਿੰਘ ਬੀਬੀਵਾਲਾ, ਵਿਕਰਮ ਲੱਕੀ, ਰਾਜੇਸ਼ ਨੌਨੀ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 01 ਵਿਚ ਭੇਜੀ ਜਾ ਰਹੀ ਹੈ।
ਫ਼ੋਟੋ ਇਕਬਾਲ ਸਿੰਘ।