
ਜਦੋਂ ਕਿਸਾਨਾਂ ਦੀ ਫ਼ਸਲ ਹੀ ਨਹੀਂ ਵਿਕਣੀ ਤਾਂ ਰੇਲਾਂ ਚਲਾ ਕੇ ਕੀ ਲੈਣੈ: ਸੁਖਜਿੰਦਰ ਸਿੰਘ ਰੰਧਾਵਾ
ਕਿਸਾਨਾਂ ਨਾਲ ਬੈਠਕ ਕਰਨ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਸੰਦੀਪ ਸੰਧੂ
ਚੰਡੀਗੜ੍ਹ, 15 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਖੇਤੀ ਬਿਲਾਂ ਵਿਰੁਧ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਸੰਦਰਭ ਵਿਚ ਅੰਦੋਲਨ ਕਰ ਰਹੀਆਂ 29 ਕਿਸਾਨ ਜਥੇਬੰਦੀਆਂ ਨੇ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ। ਇਸ ਦੌਰਾਨ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸਪੱਸ਼ਟ ਤੌਰ 'ਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਵਜੂਦ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਕਿਸਾਨਾਂ ਕਰ ਕੇ ਹੀ ਹੈ। ਇਹ ਸਿਰਫ਼ ਕਿਸਾਨੀ ਦੀ ਗੱਲ ਨਹੀਂ ਬਲਕਿ ਪੂਰੇ ਪੰਜਾਬ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਕੋਲ ਖੇਤੀ ਤੋਂ ਇਲਾਵਾ ਹੋਰ ਕੋਈ ਕਾਰੋਬਾਰ ਨਹੀਂ ਹੈ। ਸ. ਰੰਧਾਵਾ ਨੇ ਦਸਿਆ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਖੇਤੀ ਕਾਨੂੰਨ ਦੇ ਹਰ ਇਕ ਪਹਿਲੂ 'ਤੇ ਚਾਨਣਾ ਪਾਇਆ ਜਾਵੇਗਾ ਤਾਂ ਜੋ ਸਾਰੇ ਜਾਣ ਸਕਣ ਕਿ ਇਸ ਕਾਨੂੰਨ ਨਾਲ ਪੰਜਾਬ ਖ਼ਤਮ ਹੋਣ ਵਲ ਤੁਰ ਪਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਮਜ਼ਦੂਰੀ ਨੂੰ ਬਚਾਉਣ ਵਿਚ ਅਪਣਾ ਯੋਗਦਾਨ ਦੇਣ। ਏਪੀਐਮਸੀ ਐਕਟ 2017 ਨੂੰ ਦੁਬਾਰਾ ਲਿਆਉਣ 'ਤੇ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਕਦੀ ਵੀ ਮੰਡੀਕਰਨ ਖ਼ਤਮ ਨਹੀਂ
ਕਰ ਸਕਦਾ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਪੰਜਾਬ ਸਰਕਾਰ ਦੇ ਏਪੀਐਮਸੀ ਐਕਟ 2017 ਨੂੰ ਸਪੱਸ਼ਟ ਕੀਤਾ ਜਾਵੇਗਾ। ਸ. ਰੰਧਾਵਾ ਨੇ ਕਿਹਾ ਕਿ ਹੁਣ ਸਾਰਾ ਕੁੱਝ ਬੰਦ ਪਿਆ ਹੈ, ਜੇਕਰ ਕਿਸਾਨਾਂ ਦੀ ਫ਼ਸਲ ਹੀ ਨਾ ਵਿਕੀ ਤਾਂ ਰੇਲ ਗੱਡੀਆਂ ਚਲਾ ਕੇ ਕੀ ਫ਼ਾਇਦਾ, ਇਸ ਲਈ ਕਿਸਾਨ ਅਪਣੀ ਜਗ੍ਹਾ ਬਿਲਕੁਲ ਸਹੀ ਹਨ।
ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਰੇਲਵੇ ਟਰੈਕ ਜਾਮ ਹੋਣ ਕਾਰਨ ਕਈ ਚੀਜ਼ਾਂ ਆਉਣ ਅਤੇ ਜਾਣ ਤੋਂ ਰੁਕੀਆਂ ਹੋਈਆਂ ਹਨ। ਇਸ ਲਈ ਇਸ ਸਮੱਸਿਆ ਦੇ ਹੱਲ ਲਈ ਕਿਸੇ ਤਰੀਕੇ 'ਤੇ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿਚ ਕੋਲੇ ਦੀ ਕਮੀ ਹੈ ਪਰ ਸਰਕਾਰ ਅਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਅ ਰਹੀ ਹੈ। ਕੈਪਟਨ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਕਿimageਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਕੋਲੋਂ ਉਨ੍ਹਾਂ ਦੇ ਸੁਝਾਅ ਮੰਗੇ ਹਨ।
ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ, ਕੈਪਟਨ ਸੰਦੀਪ ਸਿੰਘ ਸੰਧੂ ਅਤੇ ਹੋਰ। ਫ਼ੋਟੋ: ਸੰਤੋਖ ਸਿੰਘ