
ਬਰਗਾੜੀ ਮੋਰਚੇ ਦੇ 107ਵੇਂ ਦਿਨ 104ਵੇਂ ਜਥੇ ਨੇ ਨਾਹਰਿਆਂ ਤੇ ਜੈਕਾਰਿਆਂ ਨਾਲ ਦਿਤੀ ਗਿ੍ਰਫ਼ਤਾਰੀ
ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਬੀਤੇ ਕਲ ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਵੀ ਇਨਸਾਫ਼ ਮੋਰਚੇ ਵਿਚ ਗਿ੍ਰਫ਼ਤਾਰੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੋਰਚੇ ਦੇ 107ਵੇਂ ਦਿਨ 104ਵੇਂ ਜਥੇ ’ਚ ਸ਼ਾਮਲ 16 ਸਿੰਘਾਂ ਨੂੰ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਬੁਲਾਰਿਆਂ ਨੇ ਆਖਿਆ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 1 ਜੁਲਾਈ ਨੂੰ ਸ਼ੁਰੂ ਹੋਇਆ ਬਰਗਾੜੀ ਮੋਰਚਾ ਹੁਣ ਦੁਨੀਆਂ ਭਰ ਵਿਚ ਮਸ਼ਹੁੂਰ ਹੋ ਚੁੱਕਾ ਹੈ। ਉਨਾ ਦਸਿਆ ਕਿ ਵੱਖ-ਵੱਖ ਇਲਾਕਿਆਂ ਤੋਂ ਆਏ 16 ਸਿੰਘਾਂ ’ਚ ਸ਼ਾਮਲ ਅਮਰ ਸਿੰਘ, ਨਛੱਤਰ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ, ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ (ਯੂ ਪੀ), ਰੁਪਿੰਦਰ ਸਿੰਘ, ਹੀਰਾ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ ਸਿੰਘ, ਮੋਨਾ ਸਿੰਘ, ਗੁਰਪ੍ਰੀਤ ਸਿੰਘ ਵਿਕਾਸ ਨਗਰ ਜਿਲ੍ਹਾ ਪਟਿਆਲਾ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਨੇੜੇ ਦਾਣਾ ਮੰਡੀ ਵਿਖੇ ਨਾਹਰਿਆਂ ਨਾਲ ਗਿ੍ਰਫ਼ਤਾਰੀ ਦਿਤੀ। ਜਥੇ ਨੂੰ ਰਵਾਨਾ ਕਰਦੇ ਹੋਏ ਵੱਖ ਵੱਖ ਆਗੂਆਂ ਨੇ ਦਾਅਵਾ ਕੀਤਾ ਕਿ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਹੋਰ ਮਾਮਲਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ ਮਿਲਣ ਤੱਕ ਉਕਤ ਮੋਰਚਾ ਲਗਾਤਾਰ ਜਾਰੀ ਰਹੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-15-6ਐੱਫ