
ਸਿੰਘੂ ਬਾਰਡਰ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਹੱਥ-ਪੈਰ ਵੱਢ ਕੇ ਕਿਸਾਨਾਂ ਦੇ ਧਰਨਾ ਸਥਾਨ ਨੇੜੇ ਬੈਰੀਕੇਡ ਨਾਲ ਲਟਕਾਈ ਲਾਸ਼
ਨਵੀਂ ਦਿੱਲੀ, 15 ਅਕਤੂਬਰ : ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨਾ ਸਥਾਨ ਨੇੜੇ ਨੌਜਵਾਨ ਦੀ ਹੱਥ-ਪੈਰ ਕਟੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ | 35 ਸਾਲਾ ਨੌਜਵਾਨ ਦਾ ਕਤਲ ਕਰ ਕੇ ਲਾਸ਼ ਬੈਰੀਕੇਡ ਨਾਲ ਲਟਕਾ ਦਿਤੀ ਗਈ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਉ ਵਿਚ ਕੁੱਝ ਨਿਹੰਗਾਂ ਨੂੰ ਜ਼ਮੀਨ 'ਤੇ ਖ਼ੂਨ ਨਾਲ ਲੱਥਪਥ ਪਏ ਇਕ ਵਿਅਕਤੀ ਕੋਲ ਖੜੇ ਦਿਖਾਇਆ ਗਿਆ ਹੈ ਅਤੇ ਉਸ ਦਾ ਖੱਬਾ ਹੱਥ ਵਢਿਆ ਹੋਇਆ ਪਿਆ ਹੈ | ਨਿਹੰਗਾਂ ਨੂੰ ਵੀਡੀਉ ਵਿਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਹ ਸਜ਼ਾ ਦਿਤੀ ਗਈ ਹੈ |
ਪੁਲਿਸ ਨੇ ਦਸਿਆ ਕਿ ਮਿ੍ਤਕ ਲਖਬੀਰ ਸਿੰਘ ਨੂੰ ਪੰਜਾਬ ਦੇ ਤਰਨਤਾਰਨ ਦਾ ਇਕ ਮਜ਼ਦੂਰ ਦਸਿਆ ਗਿਆ ਹੈ ਅਤੇ ਉਸ ਦੀ ਉਮਰ 35 ਸਾਲ ਦੇ ਕਰੀਬ ਹੈ | ਉਸ ਦੀ ਲਾਸ਼ ਬੈਰੀਕੇਡ ਨਾਲ ਬੰਨ੍ਹੀ ਹੋਈ ਮਿਲੀ ਜੋ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਬਣਾਈ ਗਈ ਸਟੇਜ ਦੇ ਨੇੜੇ ਸਥਿਤ ਹੈ | ਕਿਸਾਨਾਂ ਦਾ ਅੰਦੋਲਨ ਸਥਾਨ ਸਿੰਘੂ ਵਿਚ ਦਿੱਲੀ-ਹਰਿਆਣਾ ਸਰਹੱਦ ਨੇੜੇ ਸਥਿਤ ਹੈ | ਸੋਨੀਪਤ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ,''ਕੁੰਡਲੀ ਪੁਲਿਸ ਥਾਣੇ ਨੂੰ ਸਵੇਰੇ ਪੰਜ ਵਜੇ ਸੂਚਨਾ ਮਿਲੀ ਕਿ ਕਿਸਾਨਾਂ ਦੇ ਅੰਦੋਲਨ ਸਥਾਨ ਨੇੜੇ ਇਕ ਲਾਸ਼ ਮਿਲੀ ਹੈ |'' ਉਨ੍ਹਾਂ ਦਸਿਆ ਕਿ ਮਿ੍ਤਕ ਦੇ ਸਰੀਰ 'ਤੇ ਸਿਰਫ਼ ਪਜਾਮਾ ਸੀ |
ਪੁਲਿਸ ਦੇ ਡਾਇਰੈਕਟਰ ਜਨਰਲ ਰੋਹਤਕ ਰੇਂਜ, ਸੰਦੀਪ ਖਿਰਵਾਰ ਨੇ ਦਸਿਆ ,''ਅਸੀਂ ਇਕ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਚਲ ਰਹੀ ਹੈ |'' ਉਨ੍ਹਾਂ ਦਸਿਆ ਕਿ ਪੁਲਿਸ ਨੇ ਘਟਨਾ ਸਬੰਧੀ ਧਰਨਾ ਸਥਾਨ ਦੇ ਨੇੜੇ ਲੋਕਾਂ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਕੀਤੀ ਹੈ | ਸ਼ੁਰੂਆਤੀ ਜਾਂਚ ਵਿਚ ਕੁੱਝ ਲੋਕਾਂ ਨੇ ਇਲਾਕੇ ਵਿਚ ਪੁਲਿਸ ਦੇ ਦਾਖ਼ਲੇ ਦਾ ਵਿਰੋਧ ਕੀਤਾ ਅਤੇ ਪੁਲਿਸ ਨਾਲ ਸਹਿਯੋਗ ਨਾ ਕੀਤਾ | ਵੀਡੀਉ ਕਲਿਪ ਵਿਚ ਦਿਸ ਰਿਹਾ ਹੈ ਕਿ ਨਿਹੰਗ ਉਸ ਤੋਂ ਪੁੱਛ ਰਹੇ ਹਨ ਕਿ ਉਹ ਕਿਥੋਂ ਆਇਆ ਹੈ? ਵਿਅਕਤੀ ਨੂੰ ਮਰਨ ਤੋਂ ਪਹਿਲਾਂ ਪੰਜਾਬੀ ਵਿਚ ਕੁੱਝ ਕਹਿੰਦੇ ਹੋਏ ਅਤੇ ਨਿਹੰਗਾਂ ਤੋਂ ਮਾਫ਼ ਕਰਨ ਦੇ ਤਰਲੇ ਕਢਦਾ ਸੁਣਿਆ ਜਾ ਸਕਦਾ ਹੈ | ਵੀਡੀਉ ਵਿਚ ਦਿਖਾਈ ਦਿੰਦਾ ਹੈ ਕਿ ਨਿਹੰਗ ਲਗਾਤਾਰ ਉਸ ਤੋਂ ਕੁੱਝ ਪੁੱਛ ਰਹੇ ਹਨ ਅਤੇ ਬੇਅਦਬੀ ਕਰਨ ਲਈ ਕਿਸ ਨੇ ਭੇਜਿਆ, ਪੁੱਛ ਰਹੇ ਸੀ |
ਪੁਲਿਸ ਨੇ ਦਸਿਆ ਕਿ ਅਣਪਛਾਤੇ ਲੋਕਾਂ ਵਿਰੁਧ ਹਤਿਆ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ | ਸੋਸ਼ਲ ਮੀਡੀਆ 'ਤੇ ਚਲ ਰਹੇ ਵੀਡੀਉ ਬਾਰੇ ਪੁਛੇ ਜਾਣ 'ਤੇ ਸੋਨੀਪਤ ਦੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ | (ਏਜੰਸੀ)