ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਅਜੇ ਕੁਮਾਰ ਉਰਫ਼ ਅਜੀ ਅਤੇ ਜਤਿੰਦਰ ਸਿੰਘ ਉਰਫ਼ ਕਾਮਾ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ।
ਨਵਾਂ ਸ਼ਹਿਰ: ਬਲਾਚੌਰ ਦੇ ਵਾਰਡ ਨੰਬਰ 15 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਐਸ.ਐਚ.ਓ. ਮਨਜੀਤ ਸਿੰਘ ਨੇ ਦਸਿਆ ਕਿ ਰਮੇਸ਼ ਕੁਮਾਰ ਉਰਫ਼ ਲਾਡੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 14 ਅਕਤੂਬਰ 2023 ਨੂੰ ਰਾਤ ਕਰੀਬ 9:45 ਵਜੇ ਉਹ ਅਪਣੇ ਘਰ ਦੇ ਵਿਹੜੇ ਵਿਚ ਘੁੰਮ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਜਦੋਂ ਉਸ ਨੇ ਅਪਣਾ ਗੇਟ ਖੋਲ੍ਹਿਆ ਤਾਂ ਉਥੇ ਅਜੇ ਕੁਮਾਰ ਵਾਸੀ ਜਗਤਪੁਰ ਥਾਣਾ ਸਦਰ ਬਲਾਚੌਰ ਪਹਿਲਾਂ ਤੋਂ ਹੀ ਮੌਜੂਦ ਸੀ।
ਗੇਟ ਦੇ ਸਾਹਮਣੇ ਉਸ ਦਾ ਇਕ ਜਾਣਕਾਰ ਪਹਿਲਾਂ ਤੋਂ ਹੀ ਖੜ੍ਹਾ ਸੀ, ਜਿਸ ਨੇ ਮੋਟਰਸਾਈਕਲ ਚਾਲੂ ਕੀਤਾ ਹੋਇਆ ਸੀ। ਇਸ ਦੌਰਾਨ ਅਜੇ ਕੁਮਾਰ ਉਰਫ ਅਜੀ ਨੇ ਅਪਣੀ ਪਿਸਤੌਲ ਕੱਢ ਕੇ ਗੋਲੀ ਚਲਾ ਦਿਤੀ ਜੋ ਉਸ ਦੇ ਘਰ ਦੇ ਲੋਹੇ ਦੇ ਗੇਟ ਦੇ ਉਪਰਲੇ ਹਿੱਸੇ ਵਿਚ ਜਾ ਲੱਗੀ। ਉਸ ਨੇ ਰੌਲਾ ਪਾਇਆ ਤਾਂ ਅਜੇ ਕੁਮਾਰ ਪਿਸਤੌਲ ਸਮੇਤ ਮੌਕੇ ਤੋਂ ਭੱਜ ਗਿਆ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ
ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਉਕਤ ਰਮੇਸ਼ ਕੁਮਾਰ ਦੀ ਜਗਤਪੁਰ ਥਾਣਾ ਸਦਰ ਬਲਾਚੌਰ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ ਲੜਾਈ ਹੋਈ ਸੀ। ਉਸ ਨੂੰ ਯਕੀਨ ਹੈ ਕਿ ਜਤਿੰਦਰ ਸਿੰਘ ਉਰਫ਼ ਕਾਮਾ ਨੇ ਅਜੇ ਕੁਮਾਰ ਤੋਂ ਹਮਲਾ ਕਰਵਾਇਆ ਹੈ।
ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਅਜੇ ਕੁਮਾਰ ਉਰਫ਼ ਅਜੀ ਅਤੇ ਜਤਿੰਦਰ ਸਿੰਘ ਉਰਫ਼ ਕਾਮਾ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ। ਥਾਣਾ ਸਦਰ ਦੇ ਇੰਚਾਰਜ ਮਨਜੀਤ ਸਿੰਘ ਨੇ ਦਸਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ, ਜਲਦੀ ਹੀ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।