
ਮ੍ਰਿਤਕ ਦੀ ਪਛਾਣ ਮੱਘਰ ਸਿੰਘ (40) ਦੇ ਰੂਪ ’ਚ ਹੋਈ
ਬਰਨਾਲਾ: ਬਰਨਾਲਾ ਦੇ ਸਹਿਣਾ ਵਿਖੇ ਭੇਦ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਮੱਘਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਹਿਣਾ (40) ਦੇ ਰੂਪ ਵਿੱਚ ਹੋਈ ਹੈ, ਜਿਸ ਦੀ ਲਾਸ਼ ਸ਼ਹਿਣਾ ਨਹਿਰ ਨੇੜੇ ਤੋਂ ਮਿਲੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਮੱਘਰ ਕੱਲ ਰਾਤ ਦਾ ਘਰ ਤੋਂ ਗਿਆ ਅਤੇ ਉਸਦੀ ਭਾਲ ਵੀ ਕੀਤੀ, ਲੇਕਿਨ ਉਹ ਨਹੀਂ ਮਿਲਿਆ। ਜਦੋਂ ਸਵੇਰੇ ਉਹਨਾਂ ਨੂੰ ਮੱਘਰ ਸਿੰਘ ਦੀ ਲਾਸ਼ ਸਹਿਣਾ ਨਹਿਰ ਨੇੜੇ ਤੋਂ ਮਿਲੀ ਅਤੇ ਜਦੋਂ ਲਾਸ਼ ਦੇਖੀ ਤਾਂ ਉਸ ਦੇ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਹੋਈਆਂ ਸਨ, ਜਿਸ ਨੂੰ ਮਾਰ ਕੇ ਹੀ ਸੁੱਟਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਜਲਦ ਹੀ ਟਰੇਸ ਕਰ ਲਵੇਗੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।