
Jalandhar News : ਨਾਬਾਲਗ਼ ਤੇ ਮਾਂ ਨਾਲ ਸ਼ਰੀਰੀਕ ਸ਼ੋਸ਼ਣ ਦੇ ਦੋਸ਼ਾਂ 'ਚ ਕੇਸ ਦਰਜ, ਪੋਕਸੋ ਐਕਟ ਲਾਉਣ ਦੇ ਹੁਕਮ
Case Registered Against Sub-Inspector Bhushan Kumar on Charges of Sexual Harassment Latest News in Punjabi ਫਿਲੌਰ : ਨਾਬਾਲਗ਼ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਇਨਸਾਫ਼ ਦਿਵਾਉਣ ਦੀ ਥਾਂ ਖ਼ੁਦ ਪੀੜਤਾ ਤੇ ਉਸ ਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਥਾਣਾ ਫਿਲੌਰ ਦੇ ਇੰਚਾਰਜ ਸਬ-ਇੰਸਪੈਕਟਰ ਭੂਸ਼ਣ ਕੁਮਾਰ ਵਿਰੁਧ ਥਾਣਾ ਫਿਲੌਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਕੇਸ ਦਰਜ ਹੋਣ ਤੋਂ ਬਾਅਦ ਸਬ-ਇੰਸਪੈਕਟਰ ਭੂਸ਼ਣ ਕੁਮਾਰ ਫ਼ਰਾਰ ਹੈ ਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਭਾਲ ’ਚ ਲੱਗੀ ਹੋਈ ਹੈ। ਇਸ ਦਫ਼ਤਰ ’ਚ ਖ਼ੁਦ ਭੂਸ਼ਣ ਕੁਮਾਰ ਮੁਲਜ਼ਮਾਂ ਵਿਰੁਧ ਪ੍ਰੈੱਸ ਕਾਨਫ਼ਰੰਸ ਕਰਦਾ ਸੀ, ਉਸੇ ਕਮਰੇ ’ਚ ਡੀ.ਐਸ.ਪੀ. ਸਰਵਨ ਸਿੰਘ ਬਲ ਨੇ ਉਸ ਵਿਰੁਧ ਪ੍ਰੈੱਸ ਕਾਨਫ਼ਰੰਸ ਕੀਤੀ। ਡੀ.ਐਸ.ਪੀ. ਸਰਵਨ ਸਿੰਘ ਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਬ ਇੰਸਪੈਕਟਰ ਭੂਸ਼ਣ ਕੁਮਾਰ ਨੇ ਥਾਣਾ ਫਿਲੌਰ ਦੇ ਇੰਚਾਰਜ ਰਹਿੰਦੇ ਹੋਏ ਅਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ। ਉਸ ਨੇ ਜਬਰ ਜਨਾਹ ਦੇ ਕੇਸ ’ਚ ਨਾਬਾਲਗ਼ ਨੂੰ ਇਨਸਾਫ਼ ਦਿਵਾਉਣ ਦੀ ਥਾਂ ਉਸ ਨੂੰ ਤੇ ਉਸ ਦੀ ਮਾਂ ਨੂੰ ਫ਼ੋਨ ਕਰ ਕੇ ਸੱਦਿਆ ਤੇ ਸ਼ੋਸ਼ਣ ਕੀਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਲ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਇਕ ਹੋਰ 22 ਸਾਲਾ ਕੁੜੀ ਨੇ ਵੀ ਭੂਸ਼ਣ ਕੁਮਾਰ ’ਤੇ ਜਬਰ ਜਨਾਹ ਦੇ ਗੰਭੀਰ ਦੋਸ਼ ਲਾਏ। ਉਸ ਕੁੜੀ ਨੇ ਕਿਹਾ ਕਿ ਭੂਸ਼ਣ ਕੁਮਾਰ ਜਾਂਚ ਦੇ ਬਹਾਨੇ ਉਸ ਦੇ ਘਰ ਆਇਆ ਸੀ, ਜਿੱਥੇ ਉਸ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਤੇ ਬਾਅਦ ’ਚ ਫ਼ੋਨ ’ਤੇ ਭੱਦੀ ਭਾਸ਼ਾ ਵਰਤ ਕੇ ਇਕੱਲੇ ਮਿਲਣ ਲਈ ਦਬਾਅ ਬਣਾਉਣ ਲੱਗ ਪਿਆ। ਉਸ ਨੇ ਵੀ ਗੱਲਬਾਤ ਦੀ ਰਿਕਾਰਡਿੰਗ ਪੁਲਿਸ ਨੂੰ ਸਬੂਤ ਵਜੋਂ ਸੌਂਪ ਦਿਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਸ਼ਿਕਾਇਤਾਂ ਦੀ ਪੁਸ਼ਟੀ ਕਰ ਕੇ ਭੂਸ਼ਣ ਕੁਮਾਰ ਵਿਰੁਧ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ।
ਬਾਲ ਅਧਿਕਾਰ ਕਮਿਸ਼ਨ ਵਲੋਂ ਸਖ਼ਤ ਹੁਕਮ
ਇਸ ਦੌਰਾਨ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਨੂੰ ਪੱਤਰ ਜਾਰੀ ਕੀਤਾ ਹੈ। ਕਮਿਸ਼ਨ ਨੇ ਦਸਿਆ ਕਿ ਉਨ੍ਹਾਂ ਕੋਲ ਜੁਵੈਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ, ਪੋਕਸੋ ਐਕਟ ਤੇ ਰਾਈਟ ਟੂ ਐਜੂਕੇਸ਼ਨ ਐਕਟ ਅਧੀਨ ਕਾਰਵਾਈ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਐਸ.ਐਚ.ਓ. ਭੂਸ਼ਣ ਕੁਮਾਰ ਨੇ ਨਾਬਾਲਗ਼ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਡੇਢ ਮਹੀਨਾ ਤਕ ਕੋਈ ਕਾਰਵਾਈ ਨਹੀਂ ਕੀਤੀ ਤੇ ਪੀੜਤਾ ਦੀ ਮਾਂ ਵਲੋਂ ਸੋਸ਼ਲ ਮੀਡੀਆ ’ਤੇ ਇਹ ਦੋਸ਼ ਲਾਇਆ ਗਿਆ ਕਿ ਭੂਸ਼ਣ ਕੁਮਾਰ ਨੇ ਕਿਹਾ ਸੀ ਕਿ ਉਹ ਖ਼ੁਦ ਨਾਬਾਲਗ਼ ਲੜਕੀ ਦਾ ਮੈਡੀਕਲ ਚੈੱਕਅਪ ਕਰ ਕੇ ਦੱਸੇਗਾ ਕਿ ਲੜਕੀ ਨਾਲ ਜਬਰ ਜਨਾਹ ਹੋਇਆ ਹੈ ਜਾਂ ਨਹੀਂ।
ਨੋਟਿਸ ਲੈਂਦਿਆਂ ਉਨ੍ਹਾਂ ਨੇ ਐਸ.ਐਸ.ਪੀ. ਨੂੰ ਕਿਹਾ ਕਿ ਭੂਸ਼ਣ ਕੁਮਾਰ ਵਿਰੁਧ ਪੋਕਸੋ ਐਕਟ ਅਧੀਨ ਕੇਸ ਦਰਜ ਕਰ ਕੇ ਉਸ ਦੀ ਕਾਪੀ 23 ਅਕਤੂਬਰ ਤਕ ਈਮੇਲ ਰਾਹੀਂ ਭੇਜੀ ਜਾਵੇ।
ਕੇਸ ਦਰਜ ਹੋਣ ਤੋਂ ਪਹਿਲਾਂ ਨਿੱਜੀ ਚੈਨਲ ਨੂੰ ਦਿਤੇ ਇੰਟਰਵਿਊ ਮੁਤਾਬਕ ਭੂਸ਼ਣ ਕੁਮਾਰ ਨੇ ਕੇਸ ਦਰਜ ਹੋਣ ਤੋਂ ਪਹਿਲਾਂ ਇਕ ਨਿੱਜੀ ਸੋਸ਼ਲ ਮੀਡੀਆ ਚੈਨਲ ਨੂੰ ਇੰਟਰਵਿਊ ਦਿਤਾ ਸੀ ਤੇ ਕਿਹਾ ਸੀ ਕਿ ਵਾਇਰਲ ਵੀਡੀਉ ਬਾਰੇ ਉਹ ਸਾਰੇ ਦਸਤਾਵੇਜ਼ਾਂ ਨਾਲ ਜਵਾਬ ਦੇਵੇਗਾ। ਭੂਸ਼ਣ ਕੁਮਾਰ ਨੇ ਕਿਹਾ ਕਿ ਉਸ ਵੀਡੀਉ ਨੂੰ ਚੈਨਲ ਨੂੰ ਬੰਦ ਕਰਨ ਲਈ ਵੀ ਕਿਹਾ ਗਿਆ ਸੀ।
(For more news apart from Case Registered Against Sub-Inspector Bhushan Kumar on Charges of Sexual Harassment Latest News in Punjabi stay tuned to Rozana Spokesman.)