ਪੁਲਿਸ ਨੇ ਮਾਮਲੇ ਵਿਚ ਕਈ ਗੰਭੀਰ ਧਾਰਾਵਾਂ ਜੋੜਦਿਆਂ ਦਿ ਪ੍ਰਾਈਜ਼ ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਐਕਟ 1978 ਤਹਿਤ ਵੀ ਕਾਰਵਾਈ ਸ਼ੁਰੂ ਕਰ ਦਿਤੀ ਹੈ
Famous real estate businessman Dr. Verma arrested : ਪੰਜਾਬ ਅਤੇ ਹਰਿਆਣਾ ਵਿਚ ਜੈਵਿਕ ਖੇਤੀ ਦੇ ਨਾਮ ’ਤੇ 200 ਕਰੋੜ ਰੁਪਏ ਤੋਂ ਵੱਧ ਦੀ ਵੱਡੀ ਧੋਖਾਧੜੀ ਦਾ ਮਾਮਲਾ ਹੁਣ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਹੈ। ਪੁਲਿਸ ਨੇ ਮਾਮਲੇ ਵਿਚ ਕਈ ਗੰਭੀਰ ਧਾਰਾਵਾਂ ਜੋੜਦਿਆਂ ਦਿ ਪ੍ਰਾਈਜ਼ ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਐਕਟ 1978 ਤਹਿਤ ਵੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਕਾਰਵਾਈ ਅਧੀਨ ਸਮਰਾਲਾ ਪੁਲਿਸ ਨੇ ਖੰਨਾ ਦੇ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਅਤੇ ਸੇਵਾਮੁਕਤ ਆਯੁਰਵੈਦਿਕ ਡਾ. ਦੀਨ ਦਿਆਲ ਵਰਮਾ ਪੁੱਤਰ ਅਮਰ ਚੰਦ ਨੂੰ ਗ੍ਰਿਫ਼ਤਾਰ ਕੀਤਾ।
ਉਸਦੇ ਸਾਥੀ ਜਗਤਾਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਕੰਪਿਊਟਰ ਵੀ ਬਰਾਮਦ ਕੀਤਾ ਹੈ ਜਿਸ ਵਿਚ ਠੱਗੀ ਨਾਲ ਸਬੰਧਤ ਮਹੱਤਵਪੂਰਨ ਡੇਟਾ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਜਾਂਚ ਅਨੁਸਾਰ, ‘‘ਜਨਰੇਸ਼ਨ ਆਫ਼ ਫਾਰਮਿੰਗ’’ ਨਾਮਕ ਕੰਪਨੀ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਾਜੈਕਟਾਂ ਵਿਚ ਨਿਵੇਸ਼ ਲਈ ਲੁਭਾਇਆ ਸੀ। ਕੰਪਨੀ ਨੇ ਵੱਡੇ ਮੁਨਾਫ਼ੇ ਦਾ ਵਾਅਦਾ ਕਰ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਕੁਝ ਮਹੀਨਿਆਂ ਵਿਚ ਦੁੱਗਣਾ ਜਾਂ ਤਿੰਨ ਗੁਣਾ ਹੋ ਜਾਵੇਗਾ। ਸ਼ੁਰੂ ਵਿਚ ਕੇਵਲ ਅੱਠ ਲੋਕਾਂ ਵਿਰੁਧ ਕੇਸ ਦਰਜ ਸੀ, ਪਰ ਹੁਣ ਤਕ 15 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਸੂਤਰਾਂ ਅਨੁਸਾਰ, ਕੰਪਨੀ ਨੇ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿਚ ਮਹਿੰਗੇ ਆਉਟਲੈੱਟ ਖੋਲ੍ਹ ਕੇ ਭਰੋਸੇਯੋਗ ਨੈੱਟਵਰਕ ਤਿਆਰ ਕੀਤਾ ਸੀ। ਇਨ੍ਹਾਂ ਦਫ਼ਤਰਾਂ ਵਿਚ ਨਿਵੇਸ਼ਕਾਂ ਨੂੰ ਆਕਰਸ਼ਕ ਪ੍ਰੇਜ਼ੈਂਟੇਸ਼ਨ ਦੇ ਕੇ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਜਾਂਦਾ ਸੀ। ਮੰਨਿਆ ਜਾ ਰਿਹਾ ਹੈ ਕਿ ਘੁਟਾਲੇ ਦੀਆਂ ਜੜ੍ਹਾਂ ਕਾਫ਼ੀ ਡੂੰਘੀਆਂ ਹਨ ਅਤੇ ਇਸ ਵਿਚ ਕੁਝ ਸਿਆਸਤਦਾਨਾਂ ਤੇ ਅਧਿਕਾਰੀਆਂ ਨੇ ਵੀ ਕਰੋੜਾਂ ਰੁਪਏ ਨਿਵੇਸ਼ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਜਲਦੀ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ। ਇਸ ਠੱਗੀ ਮਾਮਲੇ ਨੇ ਖੇਤਰ ਦੇ ਨਿਵੇਸ਼ਕਾਂ ਤੇ ਕਿਸਾਨਾਂ ਵਿਚ ਭਾਰੀ ਚਰਚਾ ਛੇੜ ਦਿਤੀ ਹੈ।
