
ਅਰਸ਼ਪ੍ਰੀਤ ’ਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਮਾਮਲਾ ਹੈ ਦਰਜ
ਮੋਗਾ : ਪੰਜਾਬ ਪੁਲਿਸ ਦੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਈ ਹੈੇ। ਅਰਸ਼ਪ੍ਰੀਤ ਨੇ 2 ਦਿਨ ਪਹਿਲਾਂ ਚੁੱਪਚਾਪ ਮੋਗਾ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਰਸ਼ਪ੍ਰੀਤ ’ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ 9 ਮਹੀਨੇ ਅੰਗਰਗਰਾਊਂਡ ਰਹੀ।
ਇਸ ਤੋਂ ਪਹਿਲਾਂ ਉਹ 2020 ’ਚ ਉਹ ਪੰਜਾਬ ਪੁਲਿਸ ਦੀ ਕਰੋਨਾ ਵਾਰੀਅਰ ਰਹੀ। ਉਹ ਡਿਊਟੀ ਕਰਦੇ ਹੋਏ ਕਰੋਨਾ ਦੀ ਲਪੇਟ ਵਿਚ ਆਈ ਸੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਅਰਸ਼ਪ੍ਰੀਤ ਨਾਲ ਗੱਲ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਕਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀ ਨਾਲ ਕੀਤੀ ਗਈ ਇਹ ਪਹਿਲੀ ਗੱਲਬਾਤ ਸੀ। ਇਸ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਅਰਸ਼ਪ੍ਰੀਤ ਦੇ ਨਾਮ ’ਤੇ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਕਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਐਮੀ ਵਿਰਕ ਸਮੇਤ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਅਰਸ਼ਪ੍ਰੀਤ ਨਾਲ ਗੱਲਬਾਤ ਕੀਤੀ ਸੀ। ਜਦਕਿ ਨਸ਼ਾ ਤਸਕਰ ਨੂੰ ਛੱਡਣ ਦੇ ਮਾਮਲੇ ਨੇ ਉਨ੍ਹਾਂ ਦੀ ਸਾਰੀ ਮਿਹਨਤ ਨੂੰ ਮਿੱਟੀ ’ਚ ਮਿਲਾ ਦਿੱਤਾ।
ਜ਼ਿਕਰਯੋਗ ਹੈ ਕਿ ਅਰਸ਼ਪ੍ਰੀਤ ਮੋਗਾ ਦੇ ਕੋਟ ਈਸੇ ਖਾਂ ਥਾਣੇ ’ਚ ਐਸ.ਐਚ.ਓ. ਵਜੋਂ ਤਾਇਨਾਤ ਹੋਈ। ਲਗਭਗ 1 ਸਾਲ ਪਹਿਲਾਂ ਉਸ ’ਤੇ ਆਰੋਪ ਲੱਗਿਆ ਕਿ ਉਸ ਨੇ ਪੈਸੇ ਲੈ ਕੇ ਨਸ਼ਾ ਤਸਕਰ ਛੱਡ ਦਿੱਤਾ। ਇਸ ਮਾਮਲੇ ’ਚ ਮੋਗਾ ਦੇ ਡੀ.ਐਸ.ਪੀ. ਰਮਨਦੀਪ ਸਿੰਘ ਨੇ ਉਸੇ ਦੇ ਥਾਣੇ ’ਚ ਕੇਸ ਦਰਜ ਕਰਵਾਇਆ।
ਡੀ.ਐਸ.ਪੀ. ਨੇ ਦੱਸਿਆ ਕਿ 1 ਅਕਤੂਬਰ 2024 ਨੂੰ ਨਾਕੇ ’ਤੇ ਅਮਰਜੀਤ ਸਿੰਘ ਨਾਮ ਦੇ ਨਸ਼ਾ ਤਸਕਰ ਨੂੰ ਫੜਿਆ ਗਿਆ। ਉਸ ਕੋਲੋਂ 2 ਕਿਲੋਗ੍ਰਾਮ ਅਫ਼ੀਮ ਫੜੀ ਗਈ। ਇਸ ਕਾਰਵਾਈ ’ਚ ਐਸ.ਐਚ.ਓ. ਅਰਸ਼ਪ੍ਰੀਤ ਕੌਰ ਦੇ ਨਾਲ ਕੋਟ ਈਸੇ ਖਾਂ ਥਾਣੇ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਬਾਲਖੰਡੀ ਚੌਕੀ ਦੇ ਮੁਨਸ਼ੀ ਰਾਜਪਾਲ ਸਿੰਘ ਵੀ ਸ਼ਾਮਲ ਸਨ। ਪੁੱਛਗਿੱਛ ਦੌਰਾਨ ਪਤਾ ਚਲਿਆ ਕਿ ਤਸਕਰੀ ’ਚ ਅਮਰਜੀਤ ਦੇ ਨਾਲ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਵੀ ਸ਼ਾਮਲ ਹੈ।
ਇਸ ਤੋਂ ਬਾਅਦ ਪੁਲਿਸ ਨੇ ਗੁਰਪ੍ਰੀਤ ਅਤੇ ਮਨਪ੍ਰੀਤ ਨੂੰ ਫੜਿਆ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 3 ਕਿਲੋ ਹੋਰ ਅਫ਼ੀਮ ਜਬਤ ਕੀਤੀ। ਪਰ ਇਸ ਦੀ ਐਫ.ਆਈ.ਆਰ. ਦਰਜ ਨਹੀਂ ਕੀਤੀ। ਇਸ ਕੇਸ ’ਚ 5 ਕਿਲੋ ਅਫ਼ੀਮ ਬਰਾਮਦ ਹੋਈ ਸੀ ਪਰ ਪੁਲਿਸ ਨੇ ਕੇਵਲ 2 ਕਿਲੋ ਅਫ਼ੀਮ ਬਰਾਮਦ ਹੋਣ ਦਾ ਹੀ ਮੁਕੱਦਮਾ ਦਰਜ ਕੀਤਾ।
ਇਸੇ ਦਰਮਿਆਨ ਕਿਸੇ ਵਿਅਕਤੀ ਦੇ ਰਾਹੀਂ ਆਰੋਪੀ ਤਸਕਰਾਂ ਨੇ ਐਸ.ਐਚ.ਓ. ਅਰਸ਼ਪ੍ਰੀਤ ਕੌਰ ਨਾਲ ਸੰਪਰਕ ਕੀਤਾ ਅਤੇ ਆਰੋਪੀਆਂ ਨੂੰ ਛੱਡਣ ਬਦਲੇ ਪੈਸੇ ਆਫਰ ਕੀਤੇ। ਐਸ.ਐਚ.ਓ. ਨੇ ਆਫ਼ਰ ’ਤੇ ਤੋਲਮੋਲ ਕਰਦੇ ਹੋਏ 8 ਲੱਖ ਰੁਪਏ ਦੀ ਮੰਗ ਕੀਤੀ ਅਤੇ 5 ਲੱਖ ਰੁਪਏ ’ਚ ਸੌਦਾ ਫਾਈਨਲ ਹੋ ਗਿਆ। ਜੋ ਇੰਸਪੈਕਟਰ ਅਰਸ਼ਪ੍ਰੀਤ ਨੇ ਲਏ ਅਤੇ ਦੋਵੇਂ ਮੁਨਸ਼ੀਆਂ ਦੇ ਨਾਲ ਵੰਡ ਲਏ ਅਤੇ ਗੁਰਪ੍ਰੀਤ ਅਤੇ ਮਨਪ੍ਰੀਤ ਨੂੰ ਛੱਡ ਦਿੱਤਾ।
ਡੀ.ਐਸ.ਪੀ. ਰਮਨਦੀਪ ਨੇ ਕਿਹਾ ਕਿ ਕਿਸੇ ਮੁਖਬਰ ਨੇ ਇਸ ਮਾਮਲੇ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡੀ.ਐਸ.ਪੀ. ਨੇ ਮਾਮਲੇ ਦੀ ਜਾਂਚ ਕੀਤੀ ਅਤੇ ਤਿੰਨੋਂ ਪੁਲਿਸ ਵਾਲਿਆਂ ਖ਼ਿਲਾਫ਼ ਐਫ.ਆਈ. ਆਰ. ਦਰਜ ਕਰਵਾਈ। ਐਫ.ਆਈ.ਆਰ. ਤੋਂ ਬਾਅਦ ਤਿੰਨੋਂ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਕੇਸ ਦਰਜ ਹੋਣ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਸ਼ੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਗੱਲ ਰੱਖੀ। ਅਰਸ਼ਪ੍ਰੀਤ ਨੇ ਕਿਹਾ ਕਿ ਡੀ.ਐਸ.ਪੀ. ਰਮਨਦੀਪ ਅਤੇ ਐਸ.ਪੀ. ਬਾਲਕ੍ਰਿਸ਼ਨ ਉਸ ਨਾਲ ਰੰਜ਼ਿਸ਼ ਰੱਖਦੇ। ਜਿਸ ’ਚ ਉਸ ਨੇ ਡੀ.ਐਸ.ਪੀ. ’ਤੇ ਸਰੀਰਕ ਸ਼ੋਸ਼ਣ ਦੇ ਆਰੋਪ ਵੀ ਲਗਾਏ। ਇਸ ਦੇ ਲਈ ਉਸ ਨੇ 2 ਮਾਮਲਿਆਂ ਦਾ ਹਵਾਲਾ ਦਿੱਤਾ ਜਦਕਿ ਅਧਿਕਾਰੀਆਂ ਨੇ ਉਸ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ।