
ਪਰਿਵਾਰ ਨੇ ਨੌਜਵਾਨ ਨੂੰ ਰਿਹਾਅ ਕਰਵਾਉਣ ਲਈ ਸਰਕਾਰ ਤੇ ਸਮਾਜਸੇਵੀ ਜਥੇਬਦੀਆਂ ਅੱਗੇ ਲਗਾਈ ਗੁਹਾਰ
ਸੈਲਾ ਖੁੁਰਦ : ਗੜ੍ਹਸ਼ੰਕਰ ਦੇ ਪਿੰਡ ਸੈਲਾ ਖ਼ੁਰਦ ਦਾ 32 ਸਾਲਾ ਨੌਜਵਾਨ ਰਵਿੰਦਰ ਚੰਗੇ ਭਵਿੱਖ ਦੀ ਤਲਾਸ਼ ਵਿੱਚ ਦੁਬਈ ਗਿਆ ਸੀ ਜਿੱਥੇ ਉਹ ਇੱਕ ਸੜਕ ਹਾਦਸੇ ਦੇ ਕੇਸ ਵਿੱਚ 17 ਲੱਖ ਰੁਪਏ ਜੁਰਮਾਨੇ ਕਾਰਨ ਜੇਲ੍ਹ ਵਿੱਚ ਬੰਦ ਹੈ। ਪੀੜਤ ਪਰਿਵਾਰ ਨੇ ਆਪਣੇ ਲੜਕੇ ਨੂੰ ਛੁਡਵਾਉਣ ਲਈ ਸਰਕਾਰ ਤੇ ਸਮਾਜਸੇਵੀ ਸੰਸਥਾਵਾਂ ਤੋਂ ਮੱਦਦ ਦੀ ਗੁਹਾਰ ਲਗਾਈ ਹੈ।
ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਪ੍ਰੰਤੂ ਕਈ ਵਾਰ ਨੌਜਵਾਨ ਕਿਸੇ ਅਜਿਹੇ ਸੰਕਟ ਵਿੱਚ ਪੈ ਜਾਂਦੇ ਹਨ, ਜਿਸਦੇ ਕਾਰਨ ਪਰਿਵਾਰ ਸਦਮੇ ਵਿੱਚ ਡੁੱਬ ਜਾਂਦਾ ਹੈ। ਗੜ੍ਹਸ਼ੰਕਰ ਦੇ ਪਿੰਡ ਸੈਲਾ ਖ਼ੁਰਦ ਦਾ 32 ਸਾਲਾਂ ਨੌਜਵਾਨ ਰਵਿੰਦਰ ਪੁੱਤਰ ਦਵਿੰਦਰ ਸਿੰਘ ਆਪਣਾ ਭਵਿੱਖ ਬਣਾਉਣ ਦੇ ਲਈ ਫ਼ਰਵਰੀ 2025 ਦੇ ਵਿੱਚ ਦੁਬਈ ਗਿਆ ਜਿੱਥੇ ਉਸ ਨੇ ਡਰਾਈਵਿੰਗ ਲਾਇਸੈਂਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਹਾਲੇ ਉਸ ਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ ਕਿ ਉਹ ਅਬੂਧਾਬੀ ਵਿਖੇ ਆਪਣੇ ਟਰਾਲੇ ਨੂੰ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਸੜਕ ਦੇ ਵਿਚਕਾਰ ਖ਼ਰਾਬ ਖੜ੍ਹੀ ਗੱਡੀ ਨੂੰ ਪਾਸ ਕਰਦੇ ਸਮੇਂ ਪਿਛਲੇ ਪਾਸੇ ਤੋਂ ਇਕ ਨੌਜਵਾਨ ਉਸ ਦੀ ਗੱਡੀ ਥੱਲੇ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੁਬਈ ਪੁਲਿਸ ਨੇ ਰਵਿੰਦਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਦੁਬਈ ਪੁਲਿਸ ਨੇ ਜਾਂਚ ਦੌਰਾਨ ਇਹ ਗੱਲ ਆਖੀ ਕਿ ਤੁਸੀਂ ਨਿਰਦੋਸ਼ ਹੋ, ਪਰ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਉਸ ਨੂੰ 30 ਫ਼ੀ ਸਦੀ ਆਰੋਪੀ ਕਰਾਰ ਦਿੰਦੇ ਹੋਏ ਉਸ ਨੂੰ 50 ਹਜ਼ਾਰ ਦਰਾਮ (ਭਾਰਤੀ ਕਰੰਸੀ ਅਨੁਸਾਰ ਲਗਭਗ 17 ਲੱਖ) ਦਾ ਜੁਰਮਾਨਾ ਲਗਾਇਆ ਗਿਆ। ਰਵਿੰਦਰ ਦੇ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਮਦਦ ਕਰਨ ਲਈ ਗੁਹਾਰ ਲਗਾਈ ਗਈ ਹੈ।