
ਨੌਜਵਾਨ ਵਿਧਾਇਕ ਦਵਿੰਦਰ ਘੁਬਾਇਆ ਤੇ ਥਾਣਾ ਸਿਟੀ ਦੀ ਮੁਖੀ ਲਵਮੀਤ ਕੌਰ 'ਚ ਖੜਕ ਗਈ ਹੈ.........
ਅਬੋਹਰ : ਨੌਜਵਾਨ ਵਿਧਾਇਕ ਦਵਿੰਦਰ ਘੁਬਾਇਆ ਤੇ ਥਾਣਾ ਸਿਟੀ ਦੀ ਮੁਖੀ ਲਵਮੀਤ ਕੌਰ 'ਚ ਖੜਕ ਗਈ ਹੈ। ਦੋਹਾਂ ਦੇ ਤਕਰਾਰ ਦੀ ਆਡੀਉ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਆਡੀਉ ਵਿਚ ਘੁਬਾਇਆ ਲਵਮੀਤ ਕੌਰ ਨੂੰ ਕਹਿ ਰਹੇ ਹਨ, 'ਤੁਸੀਂ ਮੇਰੇ ਬੰਦਿਆਂ ਨੂੰ ਤੰਗ ਕਿÀੁਂ ਕਰ ਰਹੇ ਹੋ।' ਥਾਣਾ ਮੁਖੀ ਕਹਿੰਦੀ ਹੈ, 'ਮੈਂ ਬੰਦਿਆਂ ਨੂੰ ਕਾਗ਼ਜ਼ ਵਿਖਾਉਣ ਲਈ ਕਿਹਾ ਸੀ ਪਰ ਉਹ ਪੁੱਠਾ-ਸਿੱਧਾ ਬੋਲਣ ਲੱਗੇ। ਮੈਂ ਇਥੇ ਐਸ.ਐਚ.ਓ ਲੱਗੀ ਹਾਂ, ਕੋਈ ਬੇਇਜ਼ਤੀ ਕਰਵਾਉਣ ਵਾਸਤੇ ਨਹੀਂ ਲੱਗੀ।' ਵਿਧਾਇਕ ਨੇ ਕਿਹਾ ਕਿ ਐਸ.ਐਚ.ਓ ਹੀ ਲੱਗੀ ਏਂ, ਕੋਈ ਰੱਬ ਤਾਂ ਨਹੀਂ ਲੱਗ ਗਈ।
SHO Lovemeet Kaur
ਅੱਗੋਂ ਥਾਣਾ ਮੁਖੀ ਨੇ ਵਿਧਾਇਕ ਨੂੰ ਜ਼ੁਬਾਨ ਸੰਭਾਲ ਕੇ ਗੱਲ ਕਰਨ ਦੀ ਨਸੀਹਤ ਦੇ ਦਿਤੀ। ਫਿਰ ਵਿਧਾਇਕ ਨੇ ਕਿਹਾ, 'ਮੈਂ ਅਪਣੇ ਹਲਕੇ ਵਿਚ ਅਜਿਹਾ ਨਹੀਂ ਚੱਲਣ ਦੇਣਾ, ਹੁਣ ਅਪਣਾ ਜੁੱਲੀ ਬਿਸਤਰਾ ਸਾਂਭ ਕੇ ਰੱਖ।' ਵਿਧਾਇਕ ਨੂੰ ਜਵਾਬ ਦਿੰਦਿਆਂ ਥਾਣਾ ਮੁਖੀ ਨੇ ਕਿਹਾ ਕਿ ਕੋਈ ਨਾ ਮੇਰੇ ਵਿਚ ਗਟਸ ਹੋਏ ਤਾਂ ਰਹਿ ਲਵਾਂਗੀ, ਨਹੀਂ ਤਾਂ ਭਜਾ ਦਿਉ। ਦਵਿੰਦਰ ਸਿੰਘ ਘੁਬਾਇਆ ਨਾਲ ਉਕਤ ਆਡੀਉ ਬਾਰੇ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਥਾਣਾ ਮੁਖੀ ਅਪਣੀ ਮਰਜ਼ੀ ਕਰਦੀ ਹੈ ਅਤੇ ਲੋਕਾਂ ਤੋਂ ਪੈਸੇ ਲੈਂਦੀ ਹੈ।
ਉਨ੍ਹਾਂ ਕਿਹਾ ਕਿ ਉਸ ਦੀ ਸ਼ਿਕਾਇਤ ਐਸ.ਐਸ.ਪੀ ਤੇ ਆਈ.ਜੀ ਨੂੰ ਕਰ ਦਿਤੀ ਹੈ। ਜੇ ਕੋਈ ਕਾਰਵਾਈ ਨਾ ਹੋਈ ਤਾਂ ਸਰਕਾਰ ਤਕ ਗੱਲ ਲੈ ਕੇ ਜਾਵਾਂਗਾ। ਲਵਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਦਾ ਲੇਡੀ ਪੁਲਿਸ ਅਫ਼ਸਰ ਨਾਲ ਗੱਲਬਾਤ ਕਰਨ ਦਾ ਢੰਗ ਚੰਗਾ ਨਹੀਂ ਸੀ ਜਿਸ ਬਾਬਤ ਉਸ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਚਾਹੁਣ ਤਾਂ ਮੇਰੀ ਬਦਲੀ ਕਰਵਾ ਦੇਣ ਪਰ ਮੈਂ ਅਪਣੀ ਬੇਇਜ਼ਤੀ ਨਹੀਂ ਕਰਵਾ ਸਕਦੀ।