
ਜਦ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਸਾਡੇ 'ਤੇ ਡਾਂਗਾਂ-ਕਿਰਪਾਨਾਂ ਨਾਲ ਹਮਲਾ ਕਰ ਕੇ ਛੱਲੀਆਂ ਵਾਂਗ ਕੁਟਿਆ
ਸਫ਼ਾ 6 ਦੀ ਬਾਕੀ
ਸ਼ਰਮਸਾਰ ਹੋਇਆ ਸੁਖਦੇਵ ਸਿੰਘ ਭੂਰਾ ਅਤੇ ਹੋਰ ਮੁਲਾਜ਼ਮ ਮੈਨੂੰ ਇਕ ਕਮਰੇ 'ਚ ਲੈ ਗਏ, ਜੋ ਸੁਖਦੇਵ ਸਿੰਘ ਭੂਰੇ ਦਾ ਦਫ਼ਤਰ-ਕਮਰਾ ਸੀ। ਉਥੇ ਮੈਨੂੰ ਬੰਦ ਕਰ ਦਿਤਾ ਗਿਆ, ਇਕ ਹਿਸਾਬ ਦਾ ਬੰਦੀ ਬਣਾ ਲਿਆ ਗਿਆ। ਉਸ ਕਮਰੇ ਵਿਚ ਕਈ ਮੁਲਾਜ਼ਮ ਆ ਜਾ ਰਹੇ ਸਨ, ਕੁੱਝ ਮੇਰੇ ਨਾਲ ਬਹਿਸ ਰਹੇ ਸਨ ਅਤੇ ਕੁੱਝ ਮੇਰੇ ਤੋਂ ਮਾਫ਼ੀਆਂ ਮੰਗ ਰਹੇ ਸਨ ਅਤੇ ਕੁੱਝ ਕਹਿ ਰਹੇ ਸਨ ਕਿ “ਯਾਰ! ਤੂੰ ਤਾਂ ਬੰਦਾ ਹੀ ਬੜਾ ਚੰਗਾ Âਂੇ, ਤੂੰ ਕਿਥੋਂ ਆ ਗਿਆ ਇਸ ਧਰਨੇ 'ਚ...?”
ਮੈਂ ਕਿਹਾ ਕਿ “ਮੈਂ ਪੰਥ ਅਤੇ ਪੰਜਾਬ ਦੇ ਹਰ ਮੋਰਚੇ, ਸਮਾਗਮ, ਮਾਰਚ 'ਚ ਸਰਗਰਮੀ ਨਾਲ ਹਿੱਸਾ ਲੈਂਦਾ ਹਾਂ ਤੇ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਸੀ। ਤੁਸੀ ਦਿਉ ਹਿਸਾਬ 328 ਸਰੂਪਾਂ ਦਾ ਅਤੇ ਸਰੂਪਾਂ ਦੇ ਮਾਮਲੇ 'ਚ ਹੇਰਾਫੇਰੀ ਕਰਨ ਵਾਲੇ ਦੋਸ਼ੀਆਂ 'ਤੇ ਕਰਵਾਉ ਪਰਚੇ, ਜਿਸ ਨਾਲ ਸਮੁੱਚੀ ਕੌਮ ਦੀ ਆਤਮਾ ਨੂੰ ਸੰਤੁਸ਼ਟੀ ਮਿਲੇ।”
ਫਿਰ ਕੁੱਝ ਸਮੇਂ ਬਾਅਦ ਉਸ ਕਮਰੇ 'ਚ ਸੁਖਦੇਵ ਸਿੰਘ ਭੂਰਾ ਆਇਆ ਤੇ ਕਹਿਣ ਲੱਗਾ “ਪੁੱਤ! ਆਹ ਦਵਾਈ ਖਾ ਲੈ, ਤੇਰੇ ਪੀੜਾਂ ਬਹੁਤ ਨਿਕਲ ਰਹੀਆਂ ਨੇ। ਤੇਰੇ ਸਿਰ ਦਾ ਵੀ ਬਹੁਤ ਬੁਰਾ ਹਾਲ ਏ।”
ਮੈਂ ਕਿਹਾ ਕਿ “ਮੈਂ ਕੋਈ ਦਵਾਈ ਨਹੀਂ ਖਾਣੀ। ਪਹਿਲਾਂ ਮੈਨੂੰ ਬਾਕੀ ਸਿੰਘਾਂ ਨਾਲ ਮਿਲਾਉ ਜਾਂ ਫਿਰ ਮੈਨੂੰ ਦਸੋ ਕਿ ਉਹ ਕਿਸ ਹਾਲਤ 'ਚ ਨੇ ਤੇ ਨਾਲੇ ਸੱਭ ਤੋਂ ਪਹਿਲਾਂ ਮੇਰੇ ਕਕਾਰ (ਕੰਘਾ ਅਤੇ ਕ੍ਰਿਪਾਨ) ਅਤੇ ਦਸਤਾਰ ਦਿਉ।”
ਇਹ ਸੱਭ ਸੁਣ ਕੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰੇ ਨੇ ਮੇਰੇ ਦੋਵੇਂ ਪੈਰ ਫੜ ਲਏ ਤੇ ਕਿਹਾ ਕਿ “ਪੁੱਤ! ਸਾਨੂੰ ਮਾਫ਼ ਕਰ ਦੇ, ਸਾਡੇ ਬੰਦਿਆਂ ਤੋਂ ਬੜੀ ਵੱਡੀ ਗ਼ਲਤੀ ਹੋ ਗਈ ਏ। ਸਾਨੂੰ ਬੜਾ ਪਛਤਾਵਾ ਏ ਕਿ ਅਸੀ ਪੰਥਕ ਸੋਚ ਦੇ ਧਾਰਨੀ ਇਕ ਗੁਰਸਿੱੱਖ 'ਤੇ ਹਮਲਾ ਕਰ ਦਿਤਾ ਏ। ਆਹ ਵੇਖ ਤੇਰੇ ਪੈਰ ਫੜ ਕੇ ਮਾਫ਼ੀ ਮੰਗਦੇ ਆਂ।”
ਉਨੇ ਚਿਰ ਨੂੰ ਇਕ ਹੋਰ ਸਕੱਤਰ ਮਹਿੰਦਰ ਸਿੰਘ ਆਹਲੀ ਕਮਰੇ 'ਚ ਆ ਗਿਆ ਤੇ ਮੇਰੇ ਸਾਹਮਣੇ ਕੁਰਸੀ 'ਤੇ ਬਹਿ ਕੇ ਕਹਿੰਦਾ ਕਿ “ਵੇਖ ਬੇਟਾ! ਤੂੰ ਸਾਡਾ ਛੋਟਾ ਬੱਚਾ ਏਂ, ਸਾਨੂੰ ਤੇਰੇ ਬਾਰੇ ਪਤਾ ਨਹੀਂ ਸੀ। ਮੈਨੂੰ ਵੀ ਤੇਰੇ ਬਾਰੇ ਪਤਾ ਨਹੀਂ ਸੀ, ਤੇਰੀ ਪੰਥਕ ਸੇਵਾ ਤੇ ਕੁਰਬਾਨੀ ਬਾਰੇ ਪਤਾ ਨਹੀਂ ਸੀ, ਅਸੀ ਤੇਰੇ ਤੋਂ ਮਾਫ਼ੀ ਮੰਗਦੇ ਹਾਂ, ਵੇਖ ਤੂੰ ਸਾਡਾ ਛੋਟਾ ਪੁੱਤਰ ਏਂ, ਗ਼ਲਤੀਆਂ ਵੱਡਿਆਂ ਤੋਂ ਹੋ ਜਾਂਦੀਆਂ ਨੇ।”
ਉਸ ਕਮਰੇ 'ਚ ਹਾਜ਼ਰ ਦੋ-ਚਾਰ ਹੋਰ ਮੁਲਾਜ਼ਮ ਵੀ ਕਹਿਣ ਲੱਗੇ ਕਿ “ਵੇਖ ਰਣਜੀਤ ਵੀਰ! ਤੇਰੇ ਪਿਉ ਦੀ ਉਮਰ ਦੇ ਦੋ ਬਜ਼ੁਰਗ ਤੇਰੇ ਤੋਂ ਮਾਫ਼ੀਆਂ ਮੰਗ ਰਹੇ ਨੇ। ਚੱਲ ਯਾਰ ਸਾਨੂੰ ਸੱਭ ਨੂੰ ਮਾਫ਼ ਕਰ ਦੇ। ਬਜ਼ੁਰਗਾਂ ਦੀ ਹੀ ਇੱਜ਼ਤ ਰੱਖ ਲੈ, ਚਿੱਟੇ ਦਾੜ੍ਹਿਆਂ ਵਾਲੇ ਤੇਰੇ ਪੈਰ ਫੜ ਰਹੇ ਨੇ, ਇਸ ਦੀ ਹੀ ਇੱਜ਼ਤ ਰੱਖ ਲੈ।”
ਇਹ ਸੱਭ ਸੁਣ-ਵੇਖ ਕੇ ਅਤੇ ਅਪਣੇ ਸਿਰ 'ਚ ਹੋ ਰਹੀ ਦਰਦ ਨੂੰ ਮੁੱਖ ਰੱਖ ਕੇ ਮੈਂ ਗੋਲੀ (ਦਵਾਈ) ਖਾ ਲਈ। ਫਿਰ ਮੈਨੂੰ ਸੁਖਦੇਵ ਸਿੰਘ ਭੂਰੇ ਦੇ ਕਮਰੇ 'ਚ ਹੀ ਰਖਿਆ ਗਿਆ। ਇਸ ਦੌਰਾਨ ਕਮਰੇ 'ਚ ਮਾੜੇ-ਚੰਗੇ ਬੰਦੇ ਆਉਂਦੇ ਗਏ, ਕੁੱਝ ਮੇਰਾ ਹਾਲ-ਚਾਲ ਪੁਛਦੇ ਰਹੇ ਤੇ ਕੁੱਝ ਮੇਰੇ ਮੂੰਹੋਂ ਮੋਰਚੇ ਨੂੰ ਗ਼ਲਤ ਕਹਾਉਣ ਲਈ ਬਹਿਸਦੇ ਰਹੇ। ਪਰ ਮੈਂ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਬੇਬਾਕੀ ਨਾਲ ਦਿੰਦਾ ਰਿਹਾ।
ਫਿਰ ਇੰਨੇ ਨੂੰ ਬਾਹਰ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਸਰੂਪ ਸਿੰਘ, ਭੁਝੰਗੀ ਜਸ਼ਨਦੀਪ ਸਿੰਘ ਮੁਕਤਸਰ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਿੰਦਰ ਕੌਰ, ਬੀਬੀ ਲਖਵਿੰਦਰ ਕੌਰ ਅਤੇ ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਸੇਵਾਦਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਗੁਰਸ਼ਰਨਜੀਤ ਸਿੰਘ ਖ਼ਾਲਸਾ, ਭਾਈ ਕੁਲਦੀਪ ਸਿੰਘ ਬਿੱਟੂ, ਭਾਈ ਰਮਨਦੀਪ ਸਿੰਘ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨਿਹੰਗ, ਬਾਬਾ ਮਹਾਂਕਾਲ ਸਿੰਘ ਨਿਹੰਗ, ਭਾਈ ਬਾਜ਼ ਸਿੰਘ ਖ਼ਾਲਿਸਤਾਨੀ, ਭਾਈ ਹਰਪਾਲ ਸਿੰਘ ਖ਼ਾਲਿਸਤਾਨੀ ਅਤੇ ਜਗਬਾਣੀ ਦੇ ਪੱਤਰਕਾਰ ਭਾਈ ਇੰਦਰ ਮੋਹਨ ਸਿੰਘ ਅਨਜਾਣ, ਸੰਗਤ ਟੀ.ਵੀ. ਦੇ ਪੱਤਰਕਾਰ ਭਾਈ ਜਤਿੰਦਰ ਸਿੰਘ ਖ਼ਾਲਸਾ, ਬੀ.ਬੀ.ਸੀ. ਪੰਜਾਬ ਟੀ.ਵੀ. ਦੇ ਪੱਤਰਕਾਰ ਭਾਈ ਲਖਵਿੰਦਰ ਸਿੰਘ ਖ਼ਾਲਸਾ ਅਤੇ ਕੈਮਰਾਮੈਨ ਸੰਦੀਪ ਸਿੰਘ ਆਦਿ 'ਤੇ ਵੀ ਡਾਂਗਾਂ-ਕਿਰਪਾਨਾਂ ਨਾਲ ਖ਼ੂਨੀ ਹਮਲਾ ਕਰ ਦਿਤਾ। ਇਹ ਸਾਰੇ ਸਿੰਘ ਵੀ ਗੰਭੀਰ ਜਖ਼ਮੀ ਹੋ ਗਏ। ਕਈਆਂ ਦੇ ਹੱਥ-ਪੈਰ ਵੱਢੇ ਗਏ, ਦਸਤਾਰਾਂ-ਕੇਸ ਰੁਲ ਗਏ, ਕਮਰਿਆਂ 'ਚ ਲਿਜਾ ਕੇ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਸਿੰਘਾਂ-ਸਿੰਘਣੀਆਂ 'ਤੇ ਅਥਾਹ ਜ਼ੁਲਮ ਅਤੇ ਤਸ਼ੱਦਦ ਕੀਤਾ। ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਬੰਦੀ ਬਣਾ ਲਿਆ ਗਿਆ। ਬੀਬੀਆਂ ਨਾਲ ਬਦਸਲੂਕੀ ਕੀਤੀ ਗਈ। ਟਾਸਕ ਫ਼ੋਰਸ ਦਾ ਇੰਚਾਰਜ, ਐਡੀਸ਼ਨਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਪਾਲਿਆ ਸਿਰੇ ਦਾ ਲੱਠਮਾਰ ਪ੍ਰਤਾਪ ਸਿੰਘ (ਜੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਵੀ ਹੁੰਦਾ ਸੀ) ਅੱਗ-ਬਬੂਲਾ ਹੋ ਕੇ ਅਤੇ ਨਫ਼ਰਤ ਅਤੇ ਸਾੜੇ ਦੇ ਵਹਿਣ 'ਚ ਵਹਿ ਕੇ ਸਿੰਘਾਂ ਦੀ ਇਵੇਂ ਕੁੱਟਮਾਰ ਕਰਵਾ ਰਿਹਾ ਸੀ ਜਿਵੇਂ ਉਹ ਜ਼ਕਰੀਆਂ ਖ਼ਾਂ ਹੀ ਹੋਵੇ ਤੇ ਗੁਰੂ ਕੇ ਲਾਲ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਵਲੋਂ ਸਿੰਘਾਂ-ਸਿੰਘਣੀਆਂ ਉਤੇ ਕੀਤੇ ਜ਼ੁਲਮ ਦੀ ਇੰਤਹਾ ਹੀ ਹੋ ਗਈ। ਦੇਰ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਪੁਲੀਸ ਅਧਿਕਾਰੀ ਅੰਦਰ ਆਏ ਤੇ ਸ਼੍ਰੋਮਣੀ ਕਮੇਟੀ ਨੇ ਏਨਾ ਵੱਡਾ ਜ਼ੁਲਮ ਅਤੇ ਕਾਰਾ ਕਰ ਕੇ ਉਲਟਾ ਮੋਰਚੇ ਵਾਲੇ ਜਖ਼ਮੀ ਹੋਏ ਸਿੰਘਾਂ-ਸਿੰਘਣੀਆਂ ਉਤੇ ਹੀ ਧਾਰਾ 307 (ਇਰਾਦਾ ਕਤਲ) ਆਦਿ ਦੇ ਪਰਚੇ ਕਰਵਾ ਦਿਤੇ। ਇਸ ਸਾਕੇ ਦੀ ਖ਼ਬਰ ਟੀ.ਵੀ. ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਦ ਸੰਗਤਾਂ ਨੂੰ ਪਤਾ ਲੱਗੀ ਤਾਂ ਪੂਰੇ ਸਿੱਖ ਜਗਤ 'ਚ ਹਾਹਾਕਾਰ ਮੱਚ ਗਈ ਤੇ ਸ਼੍ਰੋਮਣੀ ਕਮੇਟੀ ਨੂੰ ਹਰ ਪਾਸਿਉਂ ਲਾਹਨਤਾਂ ਪਈਆਂ।
ਇਹ ਮੇਰੀ ਜ਼ਿੰਦਗੀ ਦੀ ਇਕ ਐਸੀ ਦਰਦਨਾਕ ਘਟਨਾ ਹੈ ਜੋ ਨਾ ਤਾਂ ਕਦੇ ਭੁੱਲਣਯੋਗ ਹੈ ਅਤੇ ਨਾ ਹੀ ਬਖ਼ਸ਼ਣਯੋਗ ਹੈ। ਇਸ ਦਿਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਿੰਘਾਂ ਨੂੰ ਕੇਸਾਂ ਤੋਂ ਫੜ-ਫੜ ਕੇ ਧੂਹਿਆ, ਦਸਤਾਰਾਂ ਰੋਲੀਆਂ ਤੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਹਿਸਾਬ ਮੰਗਦੇ ਸਿੱਖਾਂ ਨੂੰ ਡਾਂਗਾਂ-ਕਿਰਪਾਨਾਂ ਨਾਲ ਕੁੱਟ-ਕੁੱਟ ਕੇ ਛਲਣੀ-ਛਲਣੀ ਕਰ ਦਿਤਾ ਤੇ ਮੋਰਚੇ ਨੂੰ ਇੰਝ ਤਬਾਹ ਕਰ ਦਿਤਾ ਜਿਵੇਂ ਇੰਦਰਾ ਗਾਂਧੀ ਨੇ ਧਰਮ ਯੁੱਧ ਮੋਰਚੇ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਕੇ ਕੁਚਲਿਆ ਸੀ। ਗਿਆਨੀ ਹਰਪ੍ਰੀਤ ਸਿੰਘ ਇਸ ਸਾਰੇ ਜ਼ੁਲਮੀ ਵਰਤਾਰੇ 'ਤੇ ਬਿਲਕੁਲ ਚੁੱਪ ਰਹੇ ਕਿ ਕਿਤੇ ਜਥੇਦਾਰੀ ਨਾ ਖੁੱਸ ਜਾਵੇ। ਸੱਚਮੁੱਚ ਇਕ ਵਾਰ ਫਿਰ ਨਨਕਾਣਾ ਸਾਹਿਬ ਜਿਹਾ ਸਾਕਾ ਵਾਪਰਿਆ, ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਜਲ੍ਹਿਆਂਵਾਲਾ ਬਾਗ਼ ਵਰਗੀ ਖ਼ੂਨੀ ਘਟਨਾ ਇਕ ਵਾਰ ਫਿਰ ਸਾਹਮਣੇ ਆਈ, ਬਰਗਾੜੀ-ਬਹਿਬਲ ਕਲਾਂ ਅਤੇ ਕੋਟਕਪੂਰਾ ਜਿਹਾ ਕਾਂਡ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੇ 24 ਅਕਤੂਬਰ 2020 ਨੂੰ ਫਿਰ ਦੁਹਰਾਅ ਦਿਤਾ, ਜਿਸ ਦਾ ਬਦਲਾ ਖ਼ਾਲਸਾ ਪੰਥ ਜ਼ਰੂਰ ਲਵੇਗਾ। ਬਾਦਲਾਂ ਤੋਂ ਗੁਰਧਾਮ ਆਜ਼ਾਦ ਕਰਵਾਏ ਜਾਣਗੇ, ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈ ਕੇ ਰਹਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿਵਾਵਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।
- ਰਣਜੀਤ ਸਿੰਘ ਦਮਦਮੀ ਟਕਸਾਲ
(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋਬਾਈਲ : 88722-93883image