ਡੀਏਪੀ ਦੀ ਕਮੀ ਜਲਦ ਪੂਰੀ ਹੋਵੇਗੀ : ਰਣਦੀਪ ਨਾਭਾ
ਚੰਡੀਗੜ੍ਹ, 15 ਨਵੰਬਰ (ਜਸਪਾਲ ਸਿੰੰਘ) : ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਅਣਥੱਕ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਅੱਜ ਤੋਂ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੇ ਸੱਤ ਰੈਕ ਪ੍ਰਤੀ ਦਿਨ ਦੇਣ ਦਾ ਭਰੋਸਾ ਦਿਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਰਣਦੀਪ ਨਾਭਾ ਨੇ ਦਸਿਆ ਕਿ ਇਸ ਖੇਪ ਨਾਲ ਅਸੀਂ ਇਕ ਹਫ਼ਤੇ ਅੰਦਰ ਹੀ ਮੌਜੂਦਾ ਸਥਿਤੀ ਨਾਲ ਨਜਿੱਠਣ ਯੋਗ ਹੋ ਗਏ ਹਾਂ ਕਿਉਂਕਿ ਭਾਰਤ ਸਰਕਾਰ ਵਲੋਂ ਅੱਜ ਤੋਂ ਰੋਜ਼ਾਨਾ 7 ਰੈਕ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਸਾਰੇ ਜ਼ਿਲ੍ਹਿਆਂ ਦੇ ਕੁੱਲ 42 ਰੈਕ ਬਕਾਇਆ ਹਨ। ਜੇਕਰ ਹਰ ਰੋਜ਼ ਸੱਤ ਰੈਕ ਆਉਣਗੇ, ਤਾਂ ਅਸੀਂ ਇਕ ਹਫ਼ਤੇ ਵਿਚ ਸਾਰੀ ਘਾਟ ਪੂਰੀ ਕਰ ਲਵਾਂਗੇ।
ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਨੂੰ ਡੀਏਪੀ ਦੀ ਸਪਲਾਈ ਸਬੰਧੀ ਭਾਰਤ ਸਰਕਾਰ ਦੇ ਸਕੱਤਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਵਲੋਂ ਇਸ ਅਲਾਟਮੈਂਟ ਦਾ ਭਰੋਸਾ ਦਿਤਾ ਗਿਆ। ਇਸ ਉਪਰੰਤ ਮੰਤਰੀ ਨੇ ਅੱਜ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਫੀਲਡ ਸਟਾਫ਼ ਨੂੰ ਜਮ੍ਹਾਂਖੋਰੀ/ਕਾਲਾਬਾਜ਼ਾਰੀ ਅਤੇ ਵੱਧ ਕੀਮਤ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਵਧਾਈ ਦਿਤੀ। ਉਨ੍ਹਾਂ ਫ਼ੀਲਡ ਸਟਾਫ਼ ਨੂੰ ਕਿਸਾਨ ਯੂਨੀਅਨਾਂ ਦੇ ਸੰਪਰਕ ਵਿਚ ਰਹਿਣ ਅਤੇ ਭਾਰਤ ਸਰਕਾਰ ਦੁਆਰਾ ਡੀਏਪੀ ਦੀ ਨਵੀਨਤਮ ਅਲਾਟਮੈਂਟ ਯੋਜਨਾ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ ਤਾਂ ਜੋ ਕੋਈ ਵਿਰੋਧ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰ ਕੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਅਤ ਲੁਹਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਦਸਿਆ ਕਿ ਵੱਖ-ਵੱਖ ਡੀਏਪੀ ਸਪਲਾਇਰ ਕੰਪਨੀਆਂ ਵਲੋਂ 15 ਤੋਂ 20 ਨਵੰਬਰ ਤਕ ਦੇ 32 ਡੀਏਪੀ ਰੈਕ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸਬੰਧਤ ਡੀਏਪੀ ਸਪਲਾਇਰਾਂ ਨੂੰ ਮੰਗ ਪੱਤਰ ਦੇਣ ਦੇ ਨਿਰਦੇਸ਼ ਦਿਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁੱਲ 2.56 ਲੱਖ ਮੀਟਰਕ ਟਨ ਦੀ ਵੰਡ ਦੇ ਮੁਕਾਬਲੇ, ਹੁਣ ਤਕ 32 ਰੈਕ (87744 ਮੀਟਰਕ ਟਨ) ਪ੍ਰਾਪਤ ਹੋ ਚੁੱਕੇ ਹਨ ਅਤੇ 6 ਹੋਰ ਰੈਕ (18095 ਮੀਟਰਕ ਟਨ) ਆ ਰਹੇ ਹਨ ਅਤੇ ਜਿਨ੍ਹਾਂ ਦੇ ਜਲਦ ਹੀ ਪ੍ਰਾਪਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਵਲੋਂ 14 ਹੋਰ ਰੈਕਾਂ (41514 ਮੀਟਰਕ ਟਨ) ਦੀ ਮੰਗ ਕੀਤੀ ਗਈ ਹੈ।