
ਹਿੰਦੂਤਵ ਦੀ ਆਈ.ਐਸ.ਆਈ.ਐਸ. ਨਾਲ ਤੁਲਨਾ ਕਰਨ ਵਾਲੇ ਸਲਮਾਨ ਖ਼ੁਰਸ਼ੀਦ ਦੇ ਘਰ ਉਤੇ ਹਮਲਾ
ਨੈਨੀਤਾਲ, 15 ਨਵੰਬਰ : ਰਾਮਗੜ੍ਹ ਵਿਚ ਕਾਂਗਰਸੀ ਨੇਤਾ ਸਲਮਾਨ ਖ਼ੁਰਸ਼ੀਦ ਦੇ ਘਰ ’ਤੇ ਅੱਜ ਕੁੱਝ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿਤੀ ਅਤੇ ਪੱਥਰਬਾਜ਼ੀ ਕੀਤੀ। ਅੱਗ ਲੱਗਣ ਕਾਰਨ ਖ਼ੁਰਸ਼ੀਦ ਦੇ ਘਰ ਦਾ ਦਰਵਾਜ਼ਾ ਸੜ ਗਿਆ ਅਤੇ ਕਈ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। 6 ਰਾਊਂਡ ਹਵਾਈ ਫ਼ਾਇਰਿੰਗ ਦਾ ਦੋਸ਼ ਵੀ ਚੌਕੀਦਾਰ ਨੇ ਲਗਾਇਆ ਹੈ। ਚੌਕੀਦਾਰ ਦੇ ਮੁਤਾਬਕ ਅੱਗ ਅਤੇ ਪਥਰਾਅ ਕਰਨ ਵਾਲੇ ਭਾਜਪਾ ਕਾਰਕੁਨ ਸਨ। ਹਾਲਾਂਕਿ ਭਾਜਪਾ ਮੰਡਲ ਪ੍ਰਧਾਨ ਨੇ ਘਰ ਨੂੰ ਅੱਗ ਲਗਾਉਣ ਦੀ ਘਟਨਾ ਵਿਚ ਕਾਰਕੁਨਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਕਾਂਰਗਸ ਦੇ ਸੀਨੀਅਰ ਨੇਤਾ ਸਲਮਾਨ ਖ਼ੁਰਸ਼ੀਦ ਦੀ ਨਵੀਂ ਕਿਤਾਬ ਵਿਚ ਕਥਿਤ ਤੌਰ ’ਤੇ ਹਿੰਦੂਤਵ ਦੀ ਤੁਲਨਾ ਅਤਿਵਾਤੀ ਸੰਗਠਨ ਨਾਲ ਕਰਨ ’ਤੇ ਭਾਜਪਾ ਕਾਰਕੁਨ ਉਨ੍ਹਾਂ ਵਿਰੁਧ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ। ਅੱਜ ਭਾਜਪਾ ਰਾਮਗੜ੍ਹ ਮੰਡਲ ਨੇ ਵੀ ਨੈਨੀਤਾਲ ਵਿਚ ਰਾਮਗੜ੍ਹ ਸਥਿਤ ਖ਼ੁਰਸ਼ੀਦ ਦੇ ਘਰ ਦੇ ਬਾਹਰ ਪੁਤਲਾ ਫੂਕਣ ਦਾ ਪ੍ਰੋਗਰਾਮ ਰਖਿਆ ਸੀ।
ਦਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਦਿਨ ਵਿਚ ਕਰੀਬ ਇਕ ਵਜੇ ਉਨ੍ਹਾਂ ਦੇ ਘਰ ਦੇ ਬਾਹਰ ਪੁਤਲਾ ਫੂਕਣ ਲਈ ਪਹੁੰਚੇ। ਉਥੇ ਤਾਇਨਾਤ ਚੌਕੀਦਾਰਾਂ ਨੇ ਇਸ ਦਾ ਵਿਰੋਧ ਕੀਤਾ ਪਰ ਪ੍ਰਦਰਸ਼ਨਕਾਰੀ ਨਾ ਮੰਨੇ ਅਤੇ ਘਰ ਦੇ ਵਿਹੜੇ ਵਿਚ ਪੁਤਲਾ ਸਾੜ ਦਿਤਾ ਜਿਸ ਕਾਰਨ ਵਿਵਾਦ ਵਧ ਗਿਆ ਅਤੇ ਇਸੇ ਦੌਰਾਨ ਕੁੱਝ ਗ਼ੈਰ ਸਮਾਜੀ ਅਨਸਰਾਂ ਨੇ ਪੁਤਲੇ ਦੀ ਅੱਗ ਨਾਲ ਹੀ ਘਰ ਦਾ ਦਰਵਾਜ਼ਾ ਵੀ ਸਾੜ ਦਿਤਾ ਅਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ। ਸਲਮਾਨ ਖ਼ੁਰਸ਼ੀਦ ਨੇ ਹਮਲੇ ਤੋਂ ਬਾਅਦ ਕਿਹਾ, ‘‘ਮੈਂ ਅਪਣੀ ਕਿਤਾਬ ਵਿਚ ਕਿਹਾ ਹੈ ਕਿ ਜੋ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਹਨ, ਹਿੰਦੂ ਧਰਮ ਨਾਲ ਸਬੰਧਤ ਨਹੀਂ ਹਨ। ਹਿੰਦੂ ਧਰਮ ਖ਼ੂਬਸੂਰਤ ਧਰਮ ਹੈ ਅਤੇ ਇਸ ਨੇ ਦੇਸ਼ ਨੂੰ ਚੰਗੀ ਸੰਸਕ੍ਰਿਤੀ ਦਿਤੀ ਹੈ। ਮੈਨੂੰ ਇਸ ਉਤੇ ਫ਼ਖ਼ਰ ਹੈ। ਇਹ ਹਮਲਾ ਮੇਰੇ ਉਪਰ ਨਹੀਂ, ਹਿੰਦੂ ਧਰਮ ਉਪਰ ਹੈ।’’ (ਏਜੰਸੀ)